ਰਾਸ਼ਟਰ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਕੇ ਪਾਕਿ ਗਏ ਨਵਜੋਤ ਸਿੱਧੂ ਦੀ ਖੁਦਗਰਜ਼ੀ ਜੱਗ ਜ਼ਾਹਿਰ ਹੋਈ : ਬੁੱਟਰ

08/21/2018 10:30:50 AM

ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਦਰਵੇਸ਼ ਸਿਆਸਤਦਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸੰਸਕਾਰ ਤੋਂ ਇਲਾਵਾ ਦੇਸ਼ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਕੇ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਨੇ ਆਪਣੀ ਖੁਦਗਰਜ਼ੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਮੁੱਚਾ ਦੇਸ਼ ਵਾਜਪਾਈ ਜੀ ਦੇ ਦਿਹਾਂਤ ਕਾਰਨ ਸ਼ੋਕ ਮਨਾ ਰਿਹਾ ਸੀ ਅਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨੇ ਭਾਰਤ ਪਹੁੰਚ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਥੋਂ ਤੱਕ ਕਿ ਨਵਜੋਤ ਸਿੱਧੂ ਦੀ ਆਪਣੀ ਪਾਰਟੀ ਕਾਂਗਰਸ ਦੀ ਸਰਪ੍ਰਸਤ ਸੋਨੀਆ ਗਾਂਧੀ, ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਵੀ ਅੰਤਿਮ ਸੰਸਕਾਰ ਮੌਕੇ ਪਹੁੰਚੇ ਸਨ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਸ ਗੱਲ ਨੂੰ ਭੁੱਲ ਗਏ ਕਿ ਉਹ ਅਟਲ ਬਿਹਾਰੀ ਵਾਜਪਾਈ ਜੀ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਰਾਜਨੀਤੀ 'ਚ ਲਿਆ ਕੇ ਇਸ ਮੁਕਾਮ ਤੱਕ ਪਹੁੰਚਾਇਆ।

ਇਸੇ ਕਾਰਨ ਸਿੱਧੂ ਨੇ ਸਵ. ਵਾਜਪਾਈ ਦੇ ਅੰਤਿਮ ਸੰਸਕਾਰ ਦੀ ਬਜਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦਾ ਸੰਭਾਲਣ ਵਾਲੇ ਪ੍ਰੋਗਰਾਮ ਨੂੰ ਜ਼ਿਆਦਾ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੂ ਬੇਸ਼ੱਕ ਇਮਰਾਨ ਖਾਨ ਨਾਲ ਦੋਸਤਾਨਾ ਸਬੰਧਾਂ ਦਾ ਹਵਾਲਾ ਦੇ ਕੇ ਪਾਕਿਸਤਾਨ ਗਏ ਸਨ ਪਰ ਉਥੇ ਜਾ ਕੇ ਉਨ੍ਹਾਂ ਨੇ ਇਸ ਦੋਸਤੀ ਦੀ ਆੜ ਹੇਠ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਜੇਕਰ ਸਾਬਕਾ ਕ੍ਰਿਕਟਰ ਕਪਿਲ ਦੇਵ ਅਤੇ ਸੁਨੀਲ ਗਵਾਸਕਰ ਸੱਦਾ ਮਿਲਣ ਦੇ ਬਾਵਜੂਦ ਰਾਸ਼ਟਰ ਹਿੱਤਾਂ ਨੂੰ ਮੁੱਖ ਰੱਖ ਕੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਸਕਦੇ ਹਨ ਤਾਂ ਸਿੱਧੂ ਦੀ ਇਹੋ ਜਿਹੀ ਕਿਹੜੀ ਦੋਸਤੀ ਜਾਂ ਮਜਬੂਰੀ ਸੀ ਜੋ ਉਨ੍ਹਾਂ ਨੂੰ ਪਾਕਿਸਤਾਨ 'ਚ ਖਿੱਚ ਕੇ ਲੈ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਸਿਰਫ਼ ਇਹ ਜੱਗ ਜ਼ਾਹਿਰ ਹੁੰਦਾ ਹੈ ਕਿ ਸਿੱਧੂ ਸਿਰਫ਼ ਸਿਆਸੀ ਫਾਇਦੇ ਲਈ ਪਾਕਿਸਤਾਨ ਗਏ ਸਨ।

ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਉਨ੍ਹਾਂ ਪਾਕਿਸਤਾਨ ਦੇ ਫੌਜ ਮੁਖੀ ਨਾਲ ਗਲਵੱਕੜੀ ਪਾਈ ਹੈ, ਉਸ ਨੇ ਭਾਰਤ ਦੇ ਲੱਖਾਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਦੇਸ਼ ਵਾਸੀਆਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਦਾ ਉਹ ਤਹਿ ਦਿਲੋਂ ਸਤਿਕਾਰ ਕਰਦੇ ਹਨ ਪਰ ਸਿੱਧੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਸੀ ਕਿ ਇਹ ਮੰਗ ਪਾਕਿਸਤਾਨ ਦੀ ਸਰਕਾਰ ਨੇ ਪੂਰੀ ਕਰਨੀ ਹੈ ਨਾ ਕਿ ਫੌਜ ਮੁਖੀ ਨੂੰ ਇਸ ਤਰ੍ਹਾਂ ਜੱਫੀਆਂ ਪਾ ਕੇ ਇਹ ਮਸਲਾ ਹੱਲ ਹੋਣਾ ਹੈ।ਇਸ ਲਈ ਜੇਕਰ ਸਿੱਧੂ ਸੱਚਮੁੱਚ ਸਿੱਖਾਂ ਦੀ ਇਸ ਮੰਗ ਨੂੰ ਪੂਰੀ ਕਰਵਾਉਣਾ ਚਾਹੁੰਦੇ ਤਾਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲੋਂ ਇਸ ਲਾਂਘੇ ਨੂੰ ਖੋਲ੍ਹਣ ਦਾ ਐਲਾਨ ਕਰਵਾ ਕੇ ਆਉਂਦੇ। ਉਨ੍ਹਾਂ ਕਿਹਾ ਕਿ ਉਹ ਸਿੱਧੂ ਦੇ ਇਸ ਰਵੱਈਏ ਦੀ ਤਿੱਖੇ ਸ਼ਬਦਾਂ 'ਚ ਨਿੰਦਾ ਕਰਦੇ ਹਨ।