ਮੋਬਾਇਲ ਖੋਹਣ ਵਾਲੇ ਅਤੇ ਖਰੀਦਣ ਵਾਲੇ ਗ੍ਰਿਫਤਾਰ

10/09/2019 5:53:24 PM

ਗੁਰਦਾਸਪੁਰ/ਦੀਨਾਨਗਰ (ਵਿਨੋਦ) : ਮੋਬਾਇਲ ਖੋਹਣ ਵਾਲੇ ਅਤੇ ਖਰੀਦਣ ਵਾਲੇ ਤਿੰਨ ਦੋਸ਼ੀਆਂ ਨੂੰ ਦੀਨਾਨਗਰ ਪੁਲਸ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਲੁੱਟੇ ਪੰਜ ਮੋਬਾਇਲ ਅਤੇ ਵਾਰਦਾਤਾਂ ਕਰਨ 'ਚ ਵਰਤਣ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਨਾਨਗਰ ਪੁਲਸ ਸਟੇਸ਼ਨ ਇਨਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਮੋਟਰਸਾਈਕਲ 'ਤੇ ਦੋ ਨੌਜਵਾਨਾਂ ਨੇ ਇਕ ਲੜਕੀ ਤੋਂ ਉਸ ਦਾ ਮੋਬਾਇਲ ਖੋਹਿਆ ਸੀ ਅਤੇ ਇਸ ਲੁੱਟ-ਖੋਹ ਦੀ ਜਾਂਚ ਤੋਂ ਬਾਅਦ ਪੁਲਸ ਨੇ ਦੋਸ਼ੀ ਅਰੁਣ ਕੁਮਾਰ , ਅਭਿਸ਼ੇਕ ਉਰਫ਼ ਪ੍ਰਿੰਸ ਦੇ ਖਿਲਾਫ ਕੇਸ ਦਰਜ ਕਰ ਕੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਖੋਹਿਆ ਮੋਬਾਇਲ ਬਰਾਮਦ ਕੀਤਾ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਮੰਨਿਆ ਕਿ ਉਹ ਇਲਾਕੇ ਵਿਚ ਹੋਰ ਕਈ ਥਾਵਾਂ ਤੋਂ ਵੀ ਮੋਬਾਇਲ ਖੋਹ ਚੁੱਕੇ ਹਨ ਅਤੇ ਇਹ ਲੁੱਟੇ ਗਏ ਮੋਬਾਇਲ ਉਹ ਪੁਰਾਣੀ ਆਬਾਦੀ ਨਿਵਾਸੀ ਜਤਿੰਦਰ ਕੁਮਾਰ ਉਰਫ਼ ਚਿੱਟਾ ਨੂੰ ਵੇਚਦੇ ਸਨ। ਉਨ੍ਹਾਂ ਮੰਨਿਆ ਕਿ ਦੋਸ਼ੀ ਜਤਿੰਦਰ ਕੁਮਾਰ ਹੋਰ ਵੀ ਲੁੱਟ-ਖੋਹ ਕਰਨ ਵਾਲਿਆਂ ਤੋਂ ਮੋਬਾਇਲ ਖਰੀਦਦਾ ਹੈ ਅਤੇ ਅੱਗੇ ਲੋਕਾਂ ਨੂੰ ਵੇਚ ਦਿੰਦਾ ਹੈ। ਇਸ ਸੂਚਨਾ ਦੇ ਆਧਾਰ 'ਤੇ ਜਤਿੰਦਰ ਕੁਮਾਰ ਦੇ ਗੋਦਾਮ 'ਤੇ ਛਾਪਾਮਾਰੀ ਕੀਤੀ ਗਈ ਤਾਂ ਉਥੋਂ ਲੁੱਟੇ ਪੰਜ ਮੋਬਾਇਲ ਬਰਾਮਦ ਕੀਤੇ। ਪੁਲਸ ਅਨੁਸਾਰ ਲੁੱਟਾਂ ਕਰਨ ਵਿਚ ਵਰਤਿਆ ਜਾਣ ਵਾਲਾ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਅਧਿਕਾਰੀ ਦੇ ਅਨੁਸਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਗਿਆ ਹੈ ਅਤੇ ਇਨ੍ਹਾਂ ਤੋਂ ਹੋਰ ਵੀ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।

Baljeet Kaur

This news is Content Editor Baljeet Kaur