ਮਹਿਲਾ ਕੈਦੀਆਂ ਨੂੰ ਜੇਲ ਅਧਿਕਾਰੀ ਕੋਲ ਰਾਤ ਸਮੇਂ ਭੇਜਣ ਦੇ ਮਾਮਲੇ ਨੇ ਲਿਆ ਨਵਾਂ ਮੋੜ

12/13/2019 10:39:44 AM

ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ ਗੁਰਦਾਸਪੁਰ 'ਚ ਮਹਿਲਾ ਕੈਦੀਆਂ ਵਲੋਂ ਜੇਲ ਦੀ ਮਹਿਲਾ ਕਰਮਚਾਰੀ 'ਤੇ ਜਿਹੜੇ ਦੋਸ਼ ਲਾਏ ਸਨ ਕਿ ਉਹ ਉਨ੍ਹਾਂ ਨੂੰ ਰਾਤ ਦੇ ਸਮੇਂ ਜੇਲ ਅਧਿਕਾਰੀਆਂ ਕੋਲ ਭੇਜਦੀ ਹੈ, ਸਬੰਧੀ ਅੱਜ ਜੇਲ ਸੁਪਰਡੈਂਟ ਗੁਰਦਾਸਪੁਰ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਮਸਲੇ 'ਚ ਮਾਮਲੇ ਨੂੰ ਗਲਤ ਢੰਗ ਨਾਲ ਸਾਡੇ ਹੀ ਕਿਸੇ ਕਰਮਚਾਰੀ ਵਲੋਂ ਪੇਸ਼ ਕੀਤਾ ਗਿਆ ਹੈ। ਜਦਕਿ ਇਸ ਮਾਮਲੇ 'ਚ ਸਾਰੀ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ। ਉਨ੍ਹਾਂ ਦੱਸਿਆ ਕਿ ਜੇਲ 'ਚ ਇਸ ਸਮੇਂ 61 ਮਹਿਲਾ ਕੈਦੀ ਹਨ ਅਤੇ ਉਹ ਅਕਸਰ ਸਮੇਂ-ਸਮੇਂ 'ਤੇ ਆਪਸ 'ਚ ਬਹਿਸਬਾਜ਼ੀ ਕਰਦੀਆਂ ਰਹਿੰਦੀਆਂ ਹਨ ਅਤੇ ਇਕ-ਦੂਜੇ 'ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਾਉਂਦੀਆਂ ਰਹਿੰਦੀਆਂ ਹਨ। ਇਸ ਮਾਮਲੇ 'ਚ ਵੀ ਕੁਝ ਮਹਿਲਾ ਕੈਦੀਆਂ ਵਲੋਂ ਇਕ-ਦੂਜੇ 'ਤੇ ਜੇਲ ਅਧਿਕਾਰੀਆਂ ਕੋਲ ਰਾਤ ਸਮੇਂ ਜਾਣ ਸਬੰਧੀ ਦੋਸ਼ ਲਾਏ ਗਏ ਸਨ। ਇਨ੍ਹਾਂ ਮਹਿਲਾ ਕੈਦੀਆਂ ਦੀ ਨਿਗਰਾਨੀ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਵਲੋਂ ਇਸ ਮਸਲੇ ਨੂੰ ਬਿਨਾਂ ਵਿਚਾਰੇ ਅਤੇ ਬਿਨਾਂ ਛਾਣਬੀਨ ਕੀਤੇ ਸਿਰਫ ਆਪਣਾ ਆਪ ਬਚਾਉਣ ਲਈ ਸ਼ਿਕਾਇਤ ਮੇਰੇ ਕੋਲ ਕੀਤੀ ਗਈ ਸੀ, ਜਿਸ 'ਚ ਇਹ ਲਿਖਿਆ ਗਿਆ ਸੀ ਕਿ ਕੁਝ ਮਹਿਲਾ ਕੈਦੀ ਇਸ ਤਰ੍ਹਾਂ ਦੇ ਦੋਸ਼ ਲਾਉਂਦੀਆ ਹਨ ਅਤੇ ਸ਼ਿਕਾਇਤ ਦੀ ਇਕ ਕਾਪੀ ਜੇਲ 'ਚ ਫ੍ਰੀ ਲੀਗਲ ਏਡ ਸੈੱਲ ਦੀ ਕਰਮਚਾਰੀ ਪੈਰਾ ਲੀਗਲ ਵਾਲੰਟੀਅਰ ਨੂੰ ਦਿੱਤੀ ਗਈ ਸੀ।

ਸੁਪਰਡੈਂਟ ਨੇ ਕਿਹਾ ਕਿ ਮੈਂ ਤਾਂ ਆਪਣੇ ਪੱਧਰ 'ਤੇ ਉਕਤ ਸ਼ਿਕਾਇਤ ਦੇ ਆਧਾਰ 'ਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਸਨ ਅਤੇ ਹੋਰ ਵੀ ਆਪਣੇ ਪੱਧਰ 'ਤੇ ਜਾਂਚ ਕੀਤੀ ਸੀ ਅਤੇ ਸ਼ਿਕਾਇਤ ਗਲਤ ਪਾਈ ਗਈ ਸੀ। ਜਿਹੜੀ ਸ਼ਿਕਾਇਤ ਦੀ ਕਾਪੀ ਪੈਰਾ ਲੀਗਲ ਵਲੰਟੀਅਰ ਨੂੰ ਦਿੱਤੀ ਗਈ ਸੀ ਕਿ ਉਹ ਕਾਪੀ ਸੀ. ਜੇ. ਐੱਮ. ਜਿਹੜੇ ਕਿ ਸੈਕਟਰੀ ਫ੍ਰੀ ਲੀਗਲ ਏਡ ਗੁਰਦਾਸਪੁਰ ਵੀ ਸਨ, ਉਨ੍ਹਾਂ ਕੋਲ ਵੀ ਪਹੁੰਚ ਗਈ, ਜਿਸ ਸਬੰਧੀ ਹੁਣ ਫਿਰ ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜਾਂਚ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਹੀ ਬਿਆਨ ਕਮਲਬੱਧ ਕੀਤੇ ਜਾ ਰਹੇ ਹਨ ਅਤੇ ਹੁਣ ਜੋ ਵੀ ਕਾਰਵਾਈ ਜਾਂ ਜਾਂਚ ਹੋਣੀ ਹੈ ਸੀ. ਜੇ. ਐੱਮ. ਵੱਲੋਂ ਹੀ ਕੀਤੀ ਜਾਣੀ ਹੈ ਅਤੇ ਉਨ੍ਹਾਂ ਦੀ ਰਿਪੋਰਟ 'ਤੇ ਹੀ ਅੱਗੇ ਕਾਰਵਾਈ ਹੋਵੇਗੀ। ਇਸ ਤਰ੍ਹਾਂ ਜੇਲ ਵਿਭਾਗ ਦੇ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਨੂੰ ਜਾਂਚ ਸੌਂਪੀ ਗਈ ਹੈ, ਜਿਹੜਾ ਆਪਣੇ ਪੱਧਰ 'ਤੇ ਜਾਂਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ ਵਿਚ ਇਸ ਵੇਲੇ 26 ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਇਨ੍ਹਾਂ ਕੈਮਰਿਆਂ ਦੀ ਫੁਟੇਜ ਤੋਂ ਵੀ ਸੱਚਾਈ ਸਾਹਮਣੇ ਆਵੇਗੀ।

Baljeet Kaur

This news is Content Editor Baljeet Kaur