ਖਾਲੀ ਖਜ਼ਾਨੇ ਦੀ ਭੇਟ ਚੜ੍ਹ ਰਹੀ ਐ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਸਨਮਾਨ ਦੀ ਯੋਜਨਾ

11/05/2018 12:12:01 PM

ਗੁਰਦਾਸਪੁਰ (ਹਰਮਨਪ੍ਰੀਤ) : ਦਿਨ-ਬ-ਦਿਨ ਵਿਕਸਿਤ ਹੋ ਰਹੇ ਸਮਾਜ 'ਚ ਪੁਰਾਣੇ ਰੀਤੀ-ਰਿਵਾਜ਼ਾਂ 'ਤੇ ਬੇਸ਼ੱਕ ਕਈ ਨਵੇਂ ਰਿਵਾਜ਼ ਹਾਵੀ ਹੋ ਰਹੇ ਹਨ ਪਰ ਅੰਤਰਜਾਤੀ ਵਿਆਹਾਂ ਦਾ ਮਾਮਲਾ ਸਰਕਾਰੀ ਅਤੇ ਸਮਾਜਕ ਪੱਧਰ 'ਤੇ ਕਈ ਦਾਅਵਿਆਂ ਦੇ ਉਲਟ ਅਜੇ ਵੀ ਸਰਵ ਪ੍ਰਵਾਨਿਤ ਨਹੀਂ ਹੋ ਰਿਹਾ। ਬੇਸ਼ੱਕ ਸਰਕਾਰ ਨੇ ਹੋਰ ਸੂਬਿਆਂ ਦੀ ਤਰਜ਼ 'ਤੇ ਸਿਵਲ ਅਧਿਕਾਰਾਂ ਦੀ ਸੁਰੱਖਿਆ ਕਾਨੂੰਨ 1955 ਤਹਿਤ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਸਨਮਾਨਤ ਕਰਨ ਅਤੇ 51 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਯੋਜਨਾ ਉਲੀਕੀ ਸੀ ਪਰ ਇਸਦੇ ਬਾਵਜੂਦ ਇਹ ਯੋਜਨਾ ਵੀ ਹੋਰ ਯੋਜਨਾਵਾਂ ਵਾਂਗ ਸਰਕਾਰ ਦੀ ਖਸਤਾ ਮਾਲੀ ਹਾਲਤ ਦੀ ਭੇਟ ਚੜ੍ਹੀ ਹੋਈ ਹੈ। ਇਸ ਮਾਮਲੇ 'ਚ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਪੰਜਾਬ ਅੰਦਰ ਕਰੀਬ 2700 ਜੋੜਿਆਂ ਨੂੰ ਸਰਕਾਰੀ ਸਨਮਾਨ ਨਸੀਬ ਨਾ ਹੋਣ ਦੇ ਬਾਵਜੂਦ ਕਿਸੇ ਵੀ ਜਥੇਬੰਦੀ ਜਾਂ ਸਮਾਜਕ ਸੰਗਠਨ ਵੱਲੋਂ ਇਸ ਸਬੰਧੀ ਆਵਾਜ਼ ਨਹੀਂ ਉਠਾਈ ਜਾ ਰਹੀ।

ਬੇਸ਼ੱਕ ਹਰਿਆਣਾ 'ਚ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਉਥੋਂ ਦੇ ਖਾਸ ਭਾਈਚਾਰੇ ਦੇ ਲੋਕ ਮਾਰ ਮੁਕਾਉਣ  ਤੋਂ ਵੀ ਗੁਰੇਜ਼ ਨਹੀਂ ਕਰਦੇ ਪਰ ਇਸਦੇ ਬਾਵਜੂਦ ਹਰਿਆਣਾ ਨੇ ਅਜਿਹੇ ਜੋੜਿਆਂ ਨੂੰ ਸਨਮਾਨ ਦੇਣ ਦੇ ਮਾਮਲਿਆਂ 'ਚ ਪੰਜਾਬ ਨੂੰ ਪਛਾੜ ਦਿੱਤਾ ਹੈ। ਇਥੋਂ ਤੱਕ ਕਿ ਤਾਮਿਲਨਾਡੂ ਅਜਿਹਾ ਸੂਬਾ ਹੈ, ਜਿਥੇ ਜਾਤ-ਪਾਤ ਤੋਂ ਉੱਪਰ ਉੱਠ ਕੇ ਵਿਆਹ ਕਰਵਾਉਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਮਹਾਰਾਸ਼ਟਰ 'ਚ ਵੀ ਅਜਿਹੇ ਜੋੜਿਆਂ ਲਈ ਵਿਸ਼ੇਸ਼ ਸਨਮਾਨਾਂ ਦਾ ਪ੍ਰਬੰਧ ਹੈ ਪਰ ਪੰਜਾਬ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਇਥੇ ਸਰਕਾਰ ਵੱਲੋਂ 51 ਹਜ਼ਾਰ ਰੁਪਏ ਦੇਣ ਦੀ ਯੋਜਨਾ ਤਾਂ ਉਲੀਕ ਦਿੱਤੀ ਗਈ ਹੈ ਪਰ ਇਸ ਤਹਿਤ ਪਿਛਲੇ ਕਰੀਬ 5 ਸਾਲਾਂ ਤੋਂ ਅਜਿਹੇ ਜੋੜਿਆਂ ਨੂੰ ਸਰਕਾਰੀ ਖਜ਼ਾਨੇ 'ਚੋਂ ਇਕ ਵੀ ਪੈਸਾ ਜਾਰੀ ਨਹੀਂ ਕੀਤਾ ਜਾ ਸਕਿਆ।

2700 ਜੋੜੇ ਉਡੀਕ ਰਹੇ ਨੇ ਰਾਸ਼ੀ
ਇਕੱਤਰ ਜਾਣਕਾਰੀ ਮੁਤਾਬਕ ਗੁਰਦਾਸਪੁਰ ਅਤੇ ਜਲੰਧਰ ਜ਼ਿਲੇ ਦੇ ਜੋੜਿਆਂ ਨੇ ਪੰਜਾਬ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਅਰਜ਼ੀਆਂ ਦਿੱਤੀਆਂ ਸਨ। ਇਸ ਤਹਿਤ ਜਲੰਧਰ ਦੀਆਂ 368 ਅਤੇ ਗੁਰਦਾਸਪੁਰ ਜ਼ਿਲੇ ਦੀਆਂ ਕਰੀਬ 313 ਅਰਜ਼ੀਆਂ 'ਤੇ ਸਰਕਾਰ ਵੱਲੋਂ ਰਾਸ਼ੀ ਜਾਰੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੋਰ ਜਾਂ ਬਾਕੀ ਜ਼ਿਲਿਆਂ ਦੀਆਂ ਅਰਜ਼ੀਆਂ ਮਿਲਾ ਕੇ ਇਸ ਮੌਕੇ 2700 ਤੋਂ ਜ਼ਿਆਦਾ ਜੋੜਿਆਂ ਨੂੰ ਸਰਕਾਰੀ ਸਨਮਾਨ ਦਾ ਇੰਤਜ਼ਾਰ ਹੈ। ਜਾਣਕਾਰੀ ਅਨੁਸਾਰ ਸਾਲ 2011-12, 2012-13 ਅਤੇ 2013-14 'ਚ ਕੋਈ ਵੀ ਪੈਸਾ ਜਾਰੀ ਨਹੀਂ ਕੀਤਾ ਗਿਆ, ਜਦੋਂ ਕਿ 2014-15 ਵਿਚ 461 ਰੁਪਏ ਜਾਰੀ ਹੋਏ ਪਰ ਸਬੰਧਿਤ ਵਿਭਾਗ ਨੇ ਬੜੀ ਮੁਸ਼ਕਿਲ ਨਾਲ 113 ਕਰੋੜ ਰੁਪਏ ਹੀ ਵੰਡੇ।

ਸਮਾਜਕ ਪੱਧਰ 'ਤੇ ਵੀ ਨਹੀਂ ਮਿਲ ਰਿਹਾ ਹੁੰਗਾਰਾ
ਬੇਸ਼ੱਕ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ ਅਤੇ ਜੀਵਨ ਪੱਧਰ ਹੋਰ ਵਿਕਸਿਤ ਸੂਬਿਆਂ ਅਤੇ ਦੇਸ਼ਾਂ ਵਾਂਗ ਲਗਾਤਾਰ ਉਪਰ ਉਠ ਰਿਹਾ ਹੈ ਪਰ ਜੇਕਰ ਅੰਤਰਜਾਤੀ ਵਿਆਹਾਂ ਦੇ ਸੰਦਰਭ 'ਚ ਪੰਜਾਬੀਆਂ ਦੀ ਸੋਚ ਦਾ ਮੁਲਾਂਕਣ ਕੀਤਾ ਜਾਵੇ ਤਾਂ ਅਜੇ ਵੀ ਬਹੁਤ ਸਾਰੇ ਲੋਕ ਅੰਤਰਜਾਤੀ ਵਿਆਹਾਂ ਨੂੰ ਮਾਨਤਾ ਨਹੀਂ ਦਿੰਦੇ। ਬਹੁਤੇ ਘਰ-ਪਰਿਵਾਰਾਂ 'ਚ ਅਜੇ ਵੀ ਸਥਿਤੀ ਇਹ ਬਣੀ ਹੋਈ ਹੈ ਕਿ ਜੇਕਰ ਉਨ੍ਹਾਂ ਦੀ ਲੜਕੀ ਜਾਂ ਫਿਰ ਲੜਕਾ ਆਪਣੀ ਪਸੰਦ ਦਾ ਜੀਵਨ ਸਾਥੀ ਚੁਣ ਕੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕਰਦਾ ਹੈ ਤਾਂ ਉਸਨੂੰ ਮਾਪਿਆਂ ਵੱਲੋਂ ਇਕ ਵੱਡੀ ਨਾਮੋਸ਼ੀ ਸਮਝਿਆ ਜਾਂਦਾ ਹੈ।ਖਾਸਤੌਰ 'ਤੇ ਅਜਿਹੀਆਂ ਲੜਕੀਆਂ ਦੇ ਮਾਪੇ ਅਤੇ ਉਨ੍ਹਾਂ ਦੇ ਸਕੇ ਸਬੰਧੀ ਇਸ ਮਾਮਲੇ ਵਿਚ ਹੋਰ ਵੀ ਝਿਜਕ ਮਹਿਸੂਸ ਕਰਦੇ ਹਨ।