ਬਿਜਲੀ ਦਰਾਂ ਦੇ ਵਿਰੋਧ ''ਚ ''ਆਪ'' ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ

06/27/2019 4:57:19 PM

ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਅੰਦਰ ਬਿਜਲੀ ਦਰਾਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ ਵਜੋਂ ਅੱਜ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ-ਪੱਤਰ ਭੇਜ ਕੇ ਜਿਥੇ ਕਾਂਗਰਸ ਵਲੋਂ ਬਿਜਲੀ ਰੇਟਾਂ ਨਾਲ ਸਬੰਧਿਤ ਕੀਤੇ ਚੋਣ ਵਾਅਦੇ ਯਾਦ ਕਰਵਾਏ ਹਨ, ਉਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਬਿਜਲੀ ਦੀਆਂ ਦਰਾਂ ਨਾਲ ਪੰਜਾਬ ਦੇ ਰੇਟਾਂ ਦੀ ਤੁਲਨਾ ਕਰਦੇ ਹੋਏ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਉਹ ਚੋਣ ਵਾਅਦਿਆਂ ਤੋਂ ਮੁਕਰਨ ਦੀ ਬਜਾਏ ਦਿੱਲੀ ਸਰਕਾਰ ਤੋਂ ਸੇਧ ਲੈ ਕੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ। ਇਸ ਤਹਿਤ ਆਮ ਆਦਮੀ ਪਾਰਟੀ ਦੀ ਪੀ. ਏ. ਸੀ. ਦੇ ਮੈਂਬਰ ਅਤੇ ਕੋਟਕਪੂਰਾ ਦੇ ਵਿਧਾਇਕ ਅਵਤਾਰ ਸਿੰਘ ਸੰਧਵਾਂ ਤੋਂ ਇਲਾਵਾ ਇਸ ਹਲਕੇ ਅੰਦਰ ਲੋਕ ਸਭਾ ਦੀ ਚੋਣ ਲੜ ਚੁੱਕੇ ਪੀਟਰ ਮਸੀਹ ਚੀਦਾ, ਡਾ. ਕਮਲਜੀਤ ਸਿੰਘ, ਭਾਰਤ ਭੂਸ਼ਣ ਸ਼ਰਮਾ, ਦਲਬੀਰ ਸਿੰਘ ਲੇਹਲ, ਚਮਨ ਲਾਲ, ਸੁਰਿੰਦਰ ਪਾਲ, ਲੱਭਾ ਮਸੀਹ, ਤਰਸੇਮ ਸਿੰਘ, ਹਰਪਾਲ ਸਿੰਘ ਅਤੇ ਰਾਹੁਲ ਆਦਿ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੇ ਬੜੇ ਜ਼ੋਰ-ਸ਼ੋਰ ਨਾਲ ਇਹ ਐਲਾਨ ਕੀਤੇ ਸਨ ਕਿ ਪੰਜਾਬ 'ਚ ਕਾਂਗਰਸ ਸਰਕਾਰ ਬਣਦੇ ਹੀ ਬਿਜਲੀ ਦੀਆਂ ਦਰਾਂ ਘੱਟ ਕੀਤੀਆਂ ਜਾਣਗੀਆਂ ਅਤੇ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਵੀ ਰੱਦ ਕੀਤੇ ਜਾਣਗੇ। 

ਉਨ੍ਹਾਂ ਕਿਹਾ ਕਿ ਹੁਣ ਜਦੋਂ ਕਾਂਗਰਸ ਦੀ ਸਰਕਾਰ ਬਣਨ ਦੇ ਬਾਅਦ ਸਵਾ ਦੋ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਤਾਂ ਕਾਂਗਰਸ ਸਰਕਾਰ ਨੇ ਨਾ ਤਾਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਇਹ ਸਮਝੌਤੇ ਰੱਦ ਕੀਤੇ ਹਨ ਅਤੇ ਨਾ ਹੀ ਬਿਜਲੀ ਦਰਾਂ ਘਟਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਅਸਲੀ ਚਿਹਰਾ ਇਸ ਗੱਲ ਤੋਂ ਹੀ ਨੰਗਾ ਹੋ ਜਾਂਦਾ ਹੈ ਕਿ ਇਹ ਸਰਕਾਰ ਹੁਣ ਤੱਕ ਕਈ ਵਾਰ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰ ਚੁੱਕੀ ਹੈ। ਜਿਸ ਕਾਰਣ ਪੰਜਾਬ ਵਿਚ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਕੇਜਰੀਵਾਲ ਦੀ ਸਰਕਾਰ ਦਿੱਲੀ ਵਿਚ ਲੋੜੀਂਦੀ ਸਾਰੀ ਬਿਜਲੀ ਬਾਹਰੋਂ ਖਰੀਦ ਕੇ ਵੀ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਗਾਤਾਰ ਵਧ ਰਹੀਆਂ ਬਿਜਲੀ ਦਰਾਂ ਦੇ ਸਬੰਧ ਵਿਚ ਉਹ ਵਿਧਾਨ ਸਭਾ ਵਿਚ ਵੀ ਰੋਸ ਪ੍ਰਗਟ ਕਰ ਚੁੱਕੇ ਹਨ ਅਤੇ ਅੱਜ ਭੇਜੇ ਗਏ ਮੰਗ-ਪੱਤਰਾਂ ਦੇ ਬਾਵਜੂਦ ਜੇਕਰ ਸਰਕਾਰ ਨੇ 3 ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰਨ ਤੋਂ ਇਲਾਵਾ ਬਿਜਲੀ ਦੇ ਰੇਟ ਘੱਟ ਨਾ ਕੀਤੇ ਤਾਂ ਪਾਰਟੀ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Baljeet Kaur

This news is Content Editor Baljeet Kaur