ਚੋਣ ਲੜੇ ਬਗੈਰ ਹੀ 156 ਕਾਂਗਰਸੀ ਉਮੀਦਵਾਰ ਜੇਤੂ ਐਲਾਨੇ

09/13/2018 11:21:09 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਜ਼ਿਲਾ ਗੁਰਦਾਸਪੁਰ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਜ਼ਿਲਾ ਪ੍ਰੀਸ਼ਦ ਦੇ ਕੁਲ 25 ਜ਼ੋਨਾਂ 'ਚੋਂ ਸਿਰਫ 12 ਜ਼ੋਨਾਂ 'ਤੇ 31 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਜਦੋਂ ਕਿ 13 ਜ਼ੋਨਾਂ 'ਤੇ 13 ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਹਨ। ਇਸੇ ਤਰ੍ਹਾਂ ਜ਼ਿਲੇ ਦੀਆਂ 11 ਬਲਾਕ ਸੰਮਤੀਆਂ ਦੇ 213 ਜ਼ੋਨਾਂ 'ਚੋਂ ਸਿਰਫ਼ 70 ਜ਼ੋਨਾਂ 'ਤੇ 155 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਜਦੋਂ ਕਿ ਬਾਕੀ ਦੇ 143 ਜ਼ੋਨਾਂ 'ਤੇ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ। ਜੇਤੂ ਕਰਾਰ ਦਿੱਤੇ ਗਏ ਤਕਰੀਬਨ ਸਾਰੇ ਉਮੀਦਵਾਰ ਕਾਂਗਰਸ ਨਾਲ ਸਬੰਧਤ ਹਨ। 

ਜ਼ਿਲਾ ਪ੍ਰੀਸ਼ਦ ਦੇ 34 ਉਮੀਦਵਾਰਾਂ ਨੇ ਵਾਪਸ ਲਏ ਕਾਗਜ਼
ਇਕੱਤਰ ਕੀਤੇ ਗਏ ਵੇਰਵਿਆਂ ਮੁਤਾਬਿਕ ਜ਼ਿਲਾ ਪ੍ਰੀਸ਼ਦ ਦੇ 25 ਜ਼ੋਨਾਂ ਲਈ 86 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਭਰੇ ਸਨ, ਜਿਨ੍ਹਾਂ 'ਚੋਂ 8 ਉਮੀਦਵਾਰਾਂ ਦੇ ਪੇਪਰ ਰੱਦ ਹੋ ਗਏ ਅਤੇ 34 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਜਾਣ ਕਾਰਨ ਹੁਣ ਸਿਰਫ਼ 12 ਜ਼ੋਨਾਂ 'ਚ 31 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚੋਂ ਵੀ ਕਈ ਜ਼ੋਨ ਅਜਿਹੇ ਹਨ, ਜਿਨ੍ਹਾਂ 'ਤੇ ਬੇਸ਼ੱਕ ਅਜੇ ਵੀ ਉਮੀਦਵਾਰਾਂ ਦੀਆਂ ਸੂਚੀਆਂ 'ਚ ਅਕਾਲੀ ਉਮੀਦਵਾਰ ਦਰਸਾਏ ਜਾ ਰਹੇ ਹਨ। ਪਰ ਅਕਾਲੀ ਦਲ ਵੱਲੋਂ ਬਾਈਕਾਟ ਕਰ ਦਿੱਤੇ ਜਾਣ ਕਾਰਨ ਅਜਿਹੇ ਜ਼ੋਨਾਂ 'ਤੇ ਵੀ ਇਕ ਤਰਫਾ ਮੁਕਾਬਲਾ ਹੋਵੇਗਾ।

143 ਜ਼ੋਨਾਂ 'ਤੇ ਬਿਨਾਂ ਮੁਕਾਬਲਾ ਬਣੇ ਸੰਮਤੀ ਮੈਂਬਰ
11 ਬਲਾਕ ਸੰਮਤੀਆਂ ਦੇ 213 ਜ਼ੋਨਾਂ 'ਚ 630 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਸਨ,  ਜਿਨ੍ਹਾਂ 'ਚੋਂ 135 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਜਦੋਂ ਕਿ 197 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਇਸ ਤਰ੍ਹਾਂ ਹੁਣ ਜਿੱਥੇ 143 ਜ਼ੋਨਾਂ 'ਤੇ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ, ਉਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਕੀਤੇ ਗਏ ਬਾਈਕਾਟ ਦੀ ਬਦੌਲਤ ਹੋਰ ਅਨੇਕਾਂ ਜ਼ੋਨਾਂ 'ਤੇ ਵੀ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਦੇ ਪੱਕੇ ਆਸਾਰ ਦਿਖਾਈ ਦੇ ਰਹੇ ਹਨ।

ਕਲਾਨੌਰ, ਫਤਿਹਗੜ੍ਹ ਚੂੜੀਆਂ ਅਤੇ ਦੋਰਾਂਗਲਾ 'ਚ ਨਹੀਂ ਹੋਵੇਗੀ ਚੋਣ
ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ 25 ਜ਼ੋਨਾਂ ਲਈ ਪ੍ਰਾਪਤ ਹੋਏ ਕੁਲ 81 ਨਾਮਜ਼ਦਗੀ ਪੇਪਰਾਂ 'ਚੋਂ ਪੜਤਾਲ ਦੌਰਾਨ 35 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਸਨ। ਜਦੋਂ ਕਿ 9 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ ਜਾਣ ਕਾਰਨ ਇਸ ਸੰਮਤੀ ਦੇ 16 ਜ਼ੋਨਾਂ 'ਤੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਇਸ ਤਹਿਤ ਇੱਥੇ ਸਿਰਫ਼ 9 ਜ਼ੋਨਾਂ 'ਚ 21 ਉਮੀਦਵਾਰ ਚੋਣ ਮੈਦਾਨ 'ਚ ਹਨ। ਪਰ ਅਕਾਲੀ ਦਲ ਵੱਲੋਂ ਇਸ ਸੰਮਤੀਆਂ ਦੀਆਂ ਚੋਣਾਂ ਲੜਨ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ 'ਚ ਪਹਿਲਾਂ ਹੀ ਅਕਾਲੀ ਦਲ ਵੱਲੋਂ ਨਾਮਜ਼ਦਗੀ ਪੇਪਰ ਭਰਨ ਮੌਕੇ ਪੱਖਪਾਤ ਦੇ ਲਾਏ ਗਏ ਦੋਸ਼ਾਂ ਕਾਰਨ ਇਸ ਸੰਮਤੀ ਦੇ 20 ਜ਼ੋਨਾਂ ਲਈ ਸਿਰਫ਼ 29 ਨਾਮਜ਼ਦਗੀ ਪੇਪਰ ਭਰੇ ਗਏ ਸਨ, ਜਿਨ੍ਹਾਂ 'ਚੋਂ 2 ਦੇ ਰੱਦ ਹੋਣ ਅਤੇ 7 ਵਾਪਸ ਲਏ ਜਾਣ ਕਾਰਨ 20 ਜ਼ੋਨਾਂ 'ਚ ਹੀ ਸਾਰੇ ਉਮੀਦਵਾਰਾਂ ਨੂੰ ਜੇਤੁ ਕਰਾਰ ਦੇ ਦਿੱਤਾ ਗਿਆ ਹੈ। ਕਲਾਨੌਰ ਦੇ 15 ਜ਼ੋਨਾਂ, ਫਤਿਹਗੜ੍ਹ ਚੂੜੀਆਂ ਦੇ 17 ਜ਼ੋਨਾਂ ਅਤੇ ਦੋਰਾਂਗਲਾ ਦੇ 15 ਜ਼ੋਨਾਂ 'ਚ ਵੀ ਸਾਰੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ ਹੈ, ਜਿਥੇ ਹੁਣ ਚੋਣ ਨਹੀਂ ਹੋਵੇਗੀ। 

ਜ਼ਿਲਾ ਪ੍ਰੀਸ਼ਦ ਦੇ 13 ਅਤੇ ਸੰਮਤੀਆਂ ਦੇ 155 ਉਮੀਦਵਾਰ ਲੜਨਗੇ ਚੋਣ
ਬਟਾਲਾ ਸੰਮਤੀ ਦੇ 25 ਜ਼ੋਨਾਂ 'ਚ 88 ਉਮੀਦਵਾਰਾਂ ਨੇ ਕਾਗਜ਼ ਭਰੇ ਸਨ, ਜਿਨ੍ਹਾਂ 'ਚੋਂ 14 ਰੱਦ ਹੋਏ ਅਤੇ 40 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲਏ ਜਾਣ ਕਾਰਨ 18 ਜ਼ੋਨਾਂ ਦੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਇਸ ਸੰਮਤੀ ਦੇ ਸਿਰਫ਼ 7 ਜ਼ੋਨਾਂ 'ਤੇ 16 ਉਮੀਦਵਾਰ ਚੋਣ ਮੈਦਾਨ 'ਚ ਹਨ। ਸ੍ਰੀ ਹਰਗੋਬਿੰਦਪੁਰ ਦੇ 19 ਜ਼ੋਨਾਂ ਲਈ ਅਪਲਾਈ ਕਰਨ ਵਾਲੇ 72 ਉਮੀਦਵਾਰਾਂ 'ਚੋਂ 12 ਦੇ ਕਾਗਜ਼ ਰੱਦ ਹੋਣ ਅਤੇ 30 ਵੱਲੋਂ ਕਾਗਜ਼ ਵਾਪਸ ਲਏ ਜਾਣ ਉਪਰੰਤ 9 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਹਨ। ਜਦੋਂ ਕਿ 10 ਜ਼ੋਨਾਂ 'ਤੇ 21 ਉਮੀਦਵਾਰ ਅਜੇ ਵੀ ਚੋਣ ਮੈਦਾਨ 'ਚ ਹਨ। ਕਾਦੀਆਂ ਦੇ 16 ਜ਼ੋਨਾਂ ਲਈ ਅਪਲਾਈ ਕਰਨ ਵਾਲੇ 59 ਉਮੀਦਵਾਰਾਂ 'ਚੋਂ 3 ਦੇ ਕਾਗਜ਼ ਰੱਦ ਹੋਣ ਅਤੇ 27 ਵੱਲੋਂ ਵਾਪਸ ਲੈਣ ਉਪਰੰਤ ਇਸ ਸੰਮਤੀ ਦੇ 6 ਜ਼ੋਨਾਂ ਦੇ ਉਮੀਦਵਾਰ ਜੇਤੂ ਕਰਾਰ ਦੇ ਦਿੱਤੇ ਗਏ ਹਨ। ਜਦੋਂ ਕਿ 10 ਜ਼ੋਨਾਂ 'ਤੇ 23 ਉਮੀਦਵਾਰ ਚੋਣ ਮੈਦਾਨ 'ਚ ਡਟੇ ਹੋਏ ਹਨ। ਕਾਹਨੂੰਵਾਨ ਬਲਾਕ ਸੰਮਤੀ ਦੇ ਕੁਲ 22 ਜ਼ੋਨਾਂ 'ਚ ਨਾਮਜ਼ਦਗੀਆਂ ਭਰਨ ਵਾਲੇ 70 ਉਮੀਦਵਾਰਾਂ 'ਚੋਂ 10 ਦੇ ਕਾਗਜ਼ ਰੱਦ ਹੋਏ ਹਨ। ਜਦੋਂ ਕਿ 22 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲਏ ਜਾਣ ਉਪਰੰਤ 7 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ ਅਤੇ ਹੁਣ 15 ਜ਼ੋਨਾਂ 'ਤੇ 31 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ। ਧਾਰੀਵਾਲ ਦੇ 21 ਜ਼ੋਨਾਂ 'ਚ ਅਪਲਾਈ ਕਰਨ ਵਾਲੇ 59 ਉਮੀਦਵਾਰਾਂ 'ਚੋਂ 5 ਦੇ ਕਾਗਜ਼ ਰੱਦ ਹੋਏ ਸਨ। ਜਦੋਂ ਕਿ 16 ਨਾਮਜ਼ਦਗੀਆਂ ਵਾਪਸ ਹੋਣ ਦੇ ਬਾਅਦ ਇਸ ਸੰਮਤੀ ਦੇ 9 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਅਤੇ ਹੁਣ ਬਾਕੀ ਦੇ 12 ਜ਼ੋਨਾਂ 'ਚ 29 ਉਮੀਦਵਾਰ ਰਹਿ ਗਏ ਹਨ। ਦੀਨਾਨਗਰ ਸੰਮਤੀ 'ਚ 18 ਜ਼ੋਨਾਂ ਤੋਂ ਪੇਪਰ ਭਰਨ ਵਾਲੇ 63 ਉਮੀਦਵਾਰਾਂ 'ਚੋਂ 19 ਦੇ ਪੇਪਰ ਰੱਦ ਹੋਏ ਸਨ ਅਤੇ 19 ਵੱਲੋਂ ਪੇਪਰ ਵਾਪਸ ਲਏ ਜਾਣ ਕਾਰਨ 11 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਹਨ। ਜਦੋਂ ਕਿ 7 ਜ਼ੋਨਾਂ 'ਤੇ 14 ਉਮੀਦਵਾਰ ਚੋਣ ਲੜ ਰਹੇ ਹਨ।