ਗੁਰਦਾਸਪੁਰ ''ਚ ਸਿਵਲ ਸਰਜਨ ਦੀ 1 ਕੁਰਸੀ ''ਤੇ 2 ਅਧਿਕਾਰੀ ਤਾਇਨਾਤ

03/12/2020 5:20:31 PM

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਵਿਖੇ ਸਿਵਲ ਸਰਜਨ ਦੇ ਚੱਲ ਰਹੇ ਵਿਵਾਦ ਦੇ ਚਲਦੇ ਸ਼ਾਇਦ ਪੰਜਾਬ 'ਚ ਗੁਰਦਾਸਪੁਰ ਹੀ ਇਕੋ-ਇਕ ਅਜਿਹਾ ਜ਼ਿਲਾ ਹੋਵੇਗਾ, ਜਿੱਥੇ 2 ਸਿਵਲ ਸਰਜਨ ਕੰਮ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਦ ਇਕ ਸਿਵਲ ਸਰਜਨ ਫੀਲਡ 'ਚ ਚਲ ਜਾਂਦਾ ਹੈ ਤਾਂ ਦੂਜਾ ਸਿਵਲ ਸਰਜਨ ਦੀ ਕੁਰਸੀ 'ਤੇ ਬੈਠ ਜਾਂਦਾ ਹੈ ਅਤੇ ਜਦ ਤੱਕ ਉਹ ਕੁਰਸੀ 'ਤੇ ਬੈਠਾ ਹੈ ਉਸ ਸਮੇਂ ਤੱਕ ਦੂਜਾ ਸਿਵਲ ਸਰਜਨ ਦਫ਼ਤਰ 'ਚ ਨਹੀਂ ਆਉਂਦਾ। ਕੁਰਸੀ 1 ਅਤੇ ਸਿਵਲ ਸਰਜਨ 2 ਕਾਰਣ ਇਹ ਮਾਮਲਾ ਪੂਰੇ ਪੰਜਾਬ 'ਚ ਇਕ ਮਜ਼ਾਕ ਦਾ ਰੂਪ ਧਾਰਨ ਕਰ ਚੁੱਕਾ ਹੈ।

ਕੀ ਹੈ ਮਾਮਲਾ
26 ਫਰਵਰੀ 2020 ਨੂੰ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਜਦਕਿ ਉਨ੍ਹਾਂ ਦੇ ਸਥਾਨ 'ਤੇ ਡਾ. ਜੁਗਲ ਕਿਸ਼ੋਰ ਨੂੰ ਸਿਵਲ ਸਰਜਨ ਗੁਰਦਾਸਪੁਰ ਤਾਇਨਾਤ ਕਰ ਦਿੱਤਾ ਗਿਆ ਸੀ ਪਰ ਕਿਉਂਕਿ ਡਾ. ਕਿਸ਼ਨ ਚੰਦ ਦੀ ਰਿਟਾਇਰਮੈਂਟ ਦਾ ਬਹੁਤ ਘੱਟ ਸਮਾਂ ਰਹਿ ਗਿਆ ਸੀ, ਜਿਸ ਕਰ ਕੇ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਆਪਣੇ ਤਬਾਦਲੇ ਸਬੰਧੀ ਅਰਜ਼ੀ ਦਾਇਰ ਕਰ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵਰਤਮਾਨ ਸਥਿਤੀ ਨੂੰ ਬਣਾਏ ਰੱਖਣ ਦਾ ਹੁਕਮ 2 ਮਾਰਚ ਨੂੰ ਪ੍ਰਾਪਤ ਕਰ ਲਿਆ ਪਰ ਹੁਣ ਡਾ. ਜੁਗਲ ਕਿਸ਼ੋਰ ਨੇ ਆਪਣਾ ਦਫ਼ਤਰ ਸੰਭਾਲ ਲਿਆ ਸੀ।

ਹੁਣ ਕੀ ਹੈ ਸਥਿਤੀ
ਡਾ. ਕਿਸ਼ਨ ਚੰਦ ਨੂੰ ਜਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵਰਤਮਾਨ ਸਥਿਤੀ ਨੂੰ ਬਣਾਏ ਰੱਖਣ ਦਾ ਹੁਕਮ ਮਿਲ ਗਿਆ ਤਾਂ ਉਨ੍ਹਾਂ ਨੇ ਮੁੱਖ ਸਕੱਤਰ ਅਤੇ ਪਰਿਵਾਰ ਭਲਾਈ ਪੰਜਾਬ ਨਾਲ ਮੁਲਾਕਾਤ ਕਰ ਕੇ ਸਾਰੀ ਸਥਿਤੀ ਸਪਸ਼ੱਟ ਕੀਤੀ, ਜਿਸ 'ਤੇ ਮੁੱਖ ਸਕੱਤਰ ਨੇ ਡਾ. ਕਿਸ਼ਨ ਚੰਦ ਨੂੰ ਗੁਰਦਾਸਪੁਰ ਦੇ ਸਿਵਲ ਸਰਜਨ ਗੁਰਦਾਸਪੁਰ ਦਾ ਅਹੁਦਾ ਸੰਭਾਲਣ ਨੂੰ ਕਹਿ ਦਿੱਤਾ। ਡਾ. ਕਿਸ਼ਨ ਚੰਦ ਨੇ 3 ਮਾਰਚ ਨੂੰ ਗੁਰਦਾਸਪੁਰ ਦੇ ਸਿਵਲ ਸਰਜਨ ਦੇ ਰੂਪ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਕ ਅਹੁਦਾ ਅਤੇ ਇਕ ਕੁਰਸੀ 'ਤੇ 2 ਅਧਿਕਾਰੀਆਂ ਦੇ ਤਾਇਨਾਤ ਹੋਣ ਨਾਲ ਮਾਮਲਾ ਚਰਚਾ ਅਤੇ ਮਜ਼ਾਕ ਦਾ ਬਣਿਆ ਹੋਇਆ ਹੈ।

ਡਾ. ਕਿਸ਼ਨ ਚੰਦ ਨੇ ਡਾ. ਜੁਗਲ ਕਿਸ਼ੋਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਕੰਮ 'ਚ ਰੁਕਾਵਟ ਨਾ ਬਣਨ ਨੂੰ ਕਿਹਾ
ਡਾ. ਕਿਸ਼ਨ ਚੰਦ, ਜਿਸ ਨੂੰ ਅਦਾਲਤ ਤੋਂ ਵਰਤਮਾਨ ਸਥਿਤੀ ਨੂੰ ਬਣਾਏ ਰੱਖਣ ਦਾ ਹੁਕਮ ਮਿਲਿਆ ਹੋਇਆ ਹੈ, ਨੇ ਇਕ ਪੱਤਰ ਨੰਬਰ 101 ਅਧੀਨ ਆਪਣੇ-ਆਪ ਨੂੰ ਸਿਵਲ ਸਰਜਨ ਗੁਰਦਾਸਪੁਰ ਲਿਖਿਆ ਜਦਕਿ ਡਾ. ਜੁਗਲ ਕਿਸ਼ੋਰ ਨੂੰ ਸਿਵਲ ਸਰਜਨ ਤਬਾਦਲਾ ਅਧੀਨ ਲਿਖ ਕੇ ਸੰਬੋਧਨ ਕੀਤਾ। ਪੱਤਰ 'ਚ ਡਾ. ਕਿਸ਼ਨ ਚੰਦ ਨੇ ਡਾ. ਜੁਗਲ ਕਿਸ਼ੋਰ ਨੂੰ ਪੰਜਾਬ ਅਤੇ ਹਰਿਆਣਾ ਹਾਇਕੋਰਟ ਦੇ ਹੁਕਮ, ਮੁੱਖ ਸਕੱਤਰ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੌਖਿਕ ਹੁਕਮ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਇਸ ਸਮੇਂ ਕੋਰੋਨਾ ਵਾਇਰਸ ਦਾ ਪ੍ਰਕੋਪ ਵਧ ਰਿਹਾ ਹੈ ਅਤੇ ਕਈ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਦੇ ਕੰਮ 'ਚ ਦਖਲ ਨਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਦਿੱਤਾ ਜਾਵੇ।

ਡਾ. ਕਿਸ਼ਨ ਚੰਦ ਨੇ ਆਪਣੇ ਲਿਖੇ ਪੱਤਰ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਇਕੋਰਟ, ਮੁੱਖ ਸਕੱਤਰ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਜ਼ਿਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਭੇਜੀ ਹੈ ਅਤੇ ਸਿਵਲ ਦਫ਼ਤਰ ਦੀ ਸਰਕਾਰੀ ਗੱਡੀ ਦੇ ਡਰਾਈਵਰ ਉਦਮ ਸਿੰਘ ਨੂੰ ਵੀ ਪੱਤਰ ਦੀ ਕਾਪੀ ਭੇਜ ਕੇ ਸਰਕਾਰੀ ਗੱਡੀ ਉਨ੍ਹਾਂ ਕੋਲ ਲਿਆਉਣ ਨੂੰ ਕਿਹਾ ਹੈ। ਇਸ 2 ਸਿਵਲ ਸਰਜਨ ਦੇ ਮਾਮਲੇ ਨੇ ਇਸ ਸਮੇਂ ਜ਼ਿਲਾ ਗੁਰਦਾਸਪੁਰ ਦੇ ਸਿਹਤ ਵਿਭਾਗ ਦੇ ਡਾਕਟਰ ਅਤੇ ਕਰਮਚਾਰੀ ਵੀ ਚੱਕਰ 'ਚ ਪਾਏ ਹੋਏ ਹਨ।

Baljeet Kaur

This news is Content Editor Baljeet Kaur