ਹੱਡ-ਚੀਰਵੀਂ ਠੰਡ ''ਚ ਕਈ ਮੁਸ਼ਕਲਾਂ ਨਾਲ ਜੂਝਦੇ ਹਨ ਬੀ. ਐੱਸ. ਐੱਫ. ਦੇ ਜਵਾਨ

01/20/2019 1:44:42 PM

ਗੁਰਦਾਸਪੁਰ(ਹਰਮਨਪ੍ਰੀਤ)— ਸਰਦੀ ਦੇ ਮੌਸਮ 'ਚ ਹੱਢ-ਚੀਰਵੀਂ ਠੰਡ ਤੇ ਸੰਘਣੀ ਧੁੰਦ ਵਾਲੀਆਂ ਰਾਤਾਂ ਦੌਰਾਨ ਜਦੋਂ ਸਾਰਾ ਦੇਸ਼ ਗੂੜੀ ਨੀਂਦ ਸੌਂ ਰਿਹਾ ਹੁੰਦਾ ਹੈ ਤਾਂ ਬੀ. ਐੱਸ. ਐੱਫ. ਦੇ ਜਵਾਨ ਸਰਹੱਦਾਂ 'ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉੱਚੇ ਮਨੋਬਲ ਨਾਲ 133 ਕਰੋੜ ਦੇਸ਼ ਵਾਸੀਆਂ ਦੀ ਜਾਨ-ਮਾਲ ਅਤੇ ਦੇਸ਼ ਦੇ ਮਾਣ-ਸਤਿਕਾਰ ਦੀ ਰੱਖਿਆ ਲਈ ਸਖ਼ਤ ਪਹਿਰਾ ਦਿੰਦੇ ਹਨ। ਸਿਰਫ ਪੁਰਸ਼ ਸੈਨਿਕ ਹੀ ਨਹੀਂ ਸਗੋਂ ਮਹਿਲਾ ਸੈਨਿਕਾਂ ਵੱਲੋਂ ਵੀ ਧੁੰਦ ਅਤੇ ਕੋਹਰੇ ਸਮੇਤ ਹਰੇਕ ਖਤਰੇ ਦੀ ਪਰਵਾਹ ਕੀਤੇ ਬਗੈਰ ਪੁਰਸ਼ਾਂ ਦੇ ਬਰਾਬਰ ਸਖਤ ਡਿਊਟੀ ਦਿੰਦੀਆਂ ਹਨ। ਖਾਸ ਤੌਰ 'ਤੇ ਜੰਮੂ-ਕਸ਼ਮੀਰ ਅਤੇ ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਸਮੱਗਲਰਾਂ ਅਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਸਰਦੀ ਦੇ ਦਿਨਾਂ 'ਚ ਵੀ ਇਨ੍ਹਾਂ ਸੈਨਿਕਾਂ ਦੀ ਡਿਊਟੀ ਹੋਰ ਵੀ ਔਖੀ ਹੋ ਜਾਂਦੀ ਹੈ।

ਬੇਹੱਦ ਸੰਵੇਦਨਸ਼ੀਲ ਹੈ ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ :
ਜੰਮੂ ਕਸ਼ਮੀਰ 'ਚ ਭਾਰਤੀ ਫੌਜ ਵੱਲੋਂ ਪਾਕਿਸਤਾਨੀ ਘੁਸਪੈਠੀਆਂ ਅਤੇ ਅੱਤਵਾਦੀਆਂ ਤੋਂ ਇਲਾਵਾ ਫੌਜ ਦੀ ਗੋਲਾਬਾਰੀ ਦਾ ਮੂੰਹ ਤੋੜਵਾਂ ਜੁਆਬ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਦੇਸ਼ ਭਾਰਤ ਵਿਰੋਧੀ ਤਾਕਤਾਂ ਨੇ ਪੰਜਾਬ ਦੀ ਕਰੀਬ 553 ਕਿਲੋਮੀਟਿਰ ਲੰਮੀ ਸਰਹੱਦ ਰਾਹੀਂ ਆਪਣੀ ਗਤੀਵਿਧੀਆਂ ਨੂੰ ਤਰਜ਼ੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਖਾਸ ਤੌਰ 'ਤੇ ਸਾਲ 2010 'ਚ ਰਤਵੜਾਂ ਪਿੰਡ ਨੇੜੇ ਹੋਏ ਅੱਤਵਾਦੀ ਮੁਕਾਬਲੇ ਤੋਂ ਇਲਾਵਾ ਜੁਲਾਈ 2015 ਦੌਰਾਨ ਦੀਨਾਨਗਰ ਪੁਲਸ ਥਾਣੇ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਅਤੇ 2016 ਦੀ ਪਹਿਲੀ ਸਵੇਰ ਨੂੰ ਪਠਾਨਕੋਟ ਏਅਰਬੇਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਬਾਰੇ ਵੀ ਇਹੀ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਬਮਿਆਲ ਸੈਕਟਰ ਰਾਹੀਂ ਸਰਹੱਦ ਪਾਰ ਕਰ ਕੇ ਘੁਸਪੈਠ ਕੀਤੀ ਸੀ। ਇਸ ਤੋਂ ਇਲਾਵਾ ਅੱਤਵਾਦੀ ਜਾਕਿਰ ਮੂਸਾ ਦੀਆਂ ਗਤੀਵਿਧੀਆਂ ਸਬੰਧੀ ਕਈ ਸੂਚਨਾਵਾਂ ਕਾਰਨ ਵੀ ਇਸ ਸਰਹੱਦ ਨੂੰ ਹੋਰ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ। ਏਨਾ ਹੀ ਨਹੀਂ ਭਾਰਤ ਅਤੇ ਪਾਕਿਸਤਾਨ ਦੇ ਸਮੱਗਲਰਾਂ ਵੱਲੋਂ ਵੀ ਇਸ ਖੇਤਰ ਰਾਹੀਂ ਸਮਗਲਿੰਗ ਕਰਨ ਦੀ ਕੋਸ਼ਿਸ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ, ਜਿਸ ਕਾਰਨ ਹਰੇਕ ਸਾਲ ਕਰੋੜਾਂ ਰੁਪਏ ਦੀ ਹੈਰੋਇਨ ਇਸ ਸਰਹੱਦ ਤੋਂ ਬਰਾਮਦ ਹੁੰਦੀ ਹੈ।

ਪੰਜਾਬ ਅੰਦਰ ਲੱਗਦੀ ਕੌਮਾਂਤਰੀ ਸਰਹੱਦ 'ਚ ਸਰਦੀਆਂ ਦੇ ਮੌਸਮ 'ਚ ਜਵਾਨਾਂ ਲਈ ਖਤਰਾ ਅਤੇ ਚੁਣੌਤੀਆਂ ਵਧ ਜਾਂਦੀਆਂ ਹਨ ਕਿਉਂਕਿ ਇਸ ਮੌਸਮ 'ਚ ਪੰਜਾਬ ਅੰਦਰ ਸੰਘਣੀ ਧੁੰਦ ਪੈਂਦੀ ਹੈ। ਇਕ ਪਾਸੇ ਇਸ ਧੁੰਦ ਕਾਰਨ ਜਵਾਨਾਂ ਲਈ ਘੁਸਪੈਠੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਔਖੀ ਹੋ ਜਾਂਦੀ ਹੈ ਅਤੇ ਦੂਸਰੇ ਪਾਸੇ ਰਾਤ ਸਮੇਂ ਠੰਡ 'ਚ ਗਸ਼ਤ ਕਰਨੀ ਪੈਂਦੀ ਹੈ। ਸਰਦੀਆਂ 'ਚ ਬੀ. ਐੱਸ. ਐੱਫ. ਜਵਾਨਾਂ ਦੀ ਡਿਊਟੀ ਨੂੰ ਇੰਟਰਲਾਕ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਜਿੰਨੀ ਦੇਰ ਜਵਾਨ ਦੀ ਤਾਇਨਾਤੀ ਅਤੇ ਪਹਿਰੇ ਵਾਲੇ ਸਥਾਨ 'ਤੇ ਹੋਰ ਜਵਾਨ ਹਾਜ਼ਰ ਨਹੀਂ ਹੁੰਦਾ, ਓਨੀ ਦੇਰ ਉਹ ਕਿਸੇ ਵੀ ਹਾਲਤ 'ਚ ਆਪਣੀ ਜਗ੍ਹਾ ਤੋਂ ਪਿਛੇ ਨਹੀਂ ਹਟ ਸਕਦੇ। ਇਸ ਮੌਸਮ 'ਚ ਮਹਿਲਾ ਸੈਨਿਕਾਂ ਵੀ ਜਵਾਨਾਂ ਵਾਂਗ ਗਸ਼ਤ ਅਤੇ ਹੋਰ ਡਿਊਟੀਆਂ ਕਰਦੀਆਂ ਹਨ।

ਰਾਹਤ ਦੇਣ ਦੇ ਨਾਲ-ਨਾਲ ਸਮੱਸਿਆ ਵੀ ਬਣਦੇ ਹਨ ਦਰਿਆ :
ਗੁਰਦਾਸਪੁਰ ਸੈਕਟਰ 'ਚ ਰਾਵੀ ਦਰਿਆ ਤੋਂ ਇਲਾਵਾ ਤਰਨਾਹ ਨਾਲਾ ਅਤੇ ਉਝ ਦਰਿਆ ਸਰਹੱਦ ਦੇ ਨਾਲ-ਨਾਲ ਚੱਲਦੇ ਹਨ। ਇਥੋਂ ਤੱਕ ਕਿ ਅੰਮ੍ਰਿਤਸਰ ਜ਼ਿਲਾ ਤੱਕ ਰਾਵੀ ਕਰੀਬ 6 ਵਾਰ ਪਾਕਿਸਤਾਨ 'ਚ ਦਾਖਲ ਹੋ ਕੇ ਫਿਰ ਵਾਪਸ ਭਾਰਤ 'ਚ ਮੁੜਦੀ ਹੈ। ਇਸ ਕਾਰਨ ਬਹੁਤ ਸਾਰੇ ਥਾਂ ਅਜਿਹੇ ਹਨ, ਜਿੱਥੇ ਕੌਮਾਂਤਰੀ ਸਰਹੱਦ ਬਿਲਕੁੱਲ ਰਾਵੀ ਦਰਿਆ ਦੇ ਵਿਚਕਾਰ ਆ ਜਾਣ ਕਾਰਨ ਉਥੇ ਕੰਢਿਆਲੀ ਤਾਰ ਨਹੀਂ ਲਗਾਈ ਜਾ ਸਕੀ। ਇਸੇ ਤਰ੍ਹਾਂ ਸਤਲੁੱਜ ਦਰਿਆ ਦਾ ਪਾਣੀ ਵੀ ਕਈ ਥਾਵਾਂ 'ਤੇ ਸਰਹੱਦ ਨੂੰ ਪ੍ਰਭਾਵਿਤ ਕਰਦਾ ਹੈ। ਭਾਵੇਂ ਫੌਜ ਨੇ ਅਜਿਹੇ ਸਥਾਨਾਂ 'ਤੇ ਹੋਰ ਕਈ ਤਰ੍ਹਾਂ ਦੇ ਆਧੁਨਿਕ ਯੰਤਰ ਫਿਟ ਕਰਨ ਤੋਂ ਇਲਾਵਾ ਸੁਰੱਖਿਆ ਦੇ ਪੁੱਖਤਾ ਇੰਤਜਾਮ ਕੀਤੇ ਹਨ, ਪਰ ਸਰਦੀ ਦੇ ਦਿਨਾਂ 'ਚ ਅਜਿਹੇ ਸਥਾਨਾਂ 'ਤੇ ਮੁਸ਼ਕਲਾਂ ਵੱਧ ਜਾਂਦੀਆਂ ਹਨ। ਇਕ ਤਰ੍ਹਾ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਦਰਿਆ ਦੇ ਪਾਣੀ ਦਾ ਵਹਾਅ ਬੇਹੱਦ ਤੇਜ਼ ਅਤੇ ਡੂੰਘਾ ਹੋਣ ਕਾਰਨ ਕੋਈ ਵੀ ਘੁਸਪੈਠੀਆ ਆਸਾਨੀ ਨਾਲ ਇਨ੍ਹਾ ਨੂੰ ਪਾਰ ਨਹੀਂ ਕਰ ਸਕਦਾ। ਪਰ ਦੂਜੇ ਪਾਸੇ ਇਸ ਗੱਲ ਦੀ ਪ੍ਰੇਸ਼ਾਨੀ ਵੀ ਹੈ ਕਿ ਜਿੱਥੇ ਪਾਣੀ ਦਾ ਵਹਾ ਅਤੇ ਡੂੰਘਾਈ ਘੱਟ ਹੈ, ਉਥੇ ਸੁਰੱਖਿਆ ਪ੍ਰਬੰਧਾਂ ਲਈ ਚੁਣੌਤੀਆਂ ਵੱਧ ਜਾਂਦੀਆ ਹਨ।

ਸਰਦੀਆਂ 'ਚ ਜ਼ਿਆਦਾ ਹੁੰਦੀ ਹੈ ਸਮੱਗਲਿੰਗ :
ਇਕੱਤਰ ਵੇਰਵਿਆਂ ਮੁਤਾਬਕ ਸਮੱਗਲਰਾਂ ਵੱਲੋਂ ਨਸ਼ੀਲੀ ਪਦਾਰਥਾਂ ਅਤੇ ਹੋਰ ਸਾਮਾਨ ਦੀ ਸਮੱਗਲਿੰਗ ਲਈ ਜਿਆਦਾਤਰ ਧੁੰਦ ਵਾਲੇ ਦਨ੍ਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜਨ੍ਹਾਂ ਵੱਲੋਂ ਹਰੇਕ ਵਾਰ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਕੇ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇਸ ਦੇ ਬਾਵਜੂਦ ਬੀ.ਐਸ.ਐਫ ਦੇ ਜਵਾਨ ਬੇਹੱਦ ਮੁਸ਼ਤੈਦ ਰਹਿ ਕੇ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਂਦੇ ਹਨ, ਜਿਸ ਤਹਿਤ ਸਾਲ 2015 ਦੌਰਾਨ ਬੀ.ਐਸ.ਐਫ ਨੇ ਤਕਰੀਬਨ 62 ਵਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ, ਜਦੋਂ ਕਿ 2016 ਦੌਰਾਨ ਅਜਿਹੀਆਂ 25 ਕੋਸ਼ਿਸ਼ਾਂ ਨੂੰ ਨਾਕਾਮ ਕਰਕੇ 3 ਘੁਸਪੈਠੀਆਂ ਨੂੰ ਮਾਰ ਮੁੱਕਾਇਆ। ਇਸੇ ਤਰ੍ਹਾਂ 2017 ਦੌਰਾਨ 14 ਵਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾ ਕੇ 5 ਪੰਜ ਘੁਸਪੈਠੀਏ ਮਾਰੇ ਸਨ।

2018 ਦੌਰਾਨ ਫੜੀ 1148 ਕਰੋੜ ਦੀ ਹੈਰੋਇਨ :
ਬੀ.ਐਸ.ਐਫ ਦੇ ਜਵਾਨਾਂ ਨੇ ਸਾਲ 2018 ਦੌਰਾਨ ਸਰਹੱਦ ਤੋਂ 230 ਕਿਲੋ 979 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸਦੀ ਕੀਮਤ ਕਰੀਬ 1148 ਕਰੋੜ ਰੁਪਏ ਬਣਦੀ ਹੈ। ਇਸੇ ਤਰ੍ਹਾ 635 ਗ੍ਰਾਮ ਅਫੀਮ ਫੜਨ ਤੋਂ ਇਲਾਵਾ ਜਵਾਨਾਂ ਨੇ ਸਰਹੱਦ ਪਾਰ ਕਰਨ ਵਾਲੇ 70 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 5 ਭਾਰਤੀ ਸਮੱਗਲਰਾਂ ਅਤੇ 5 ਪਾਕਿਸਤਾਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਪਾਕਿਸਤਾਨ ਨਾਲ ਸਬੰਧਿਤ 10 ਮੋਬਾਇਲ ਅਤੇ 33 ਸਿਮ ਕਾਰਡ ਬਰਾਮਦ ਕਰਨ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ 19 ਹਥਿਆਰ 502 ਕਾਰਤੂਸ, 6 ਹੈੱਡ ਗ੍ਰਨੇਡ ਬਰਾਮਦ ਕੀਤੇ ਗਏ।

cherry

This news is Content Editor cherry