ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ ਪਰ ਮਾਲਕ ਨਹੀਂ, ਜਥੇਦਾਰ ਕਰੇ ਕਾਰਵਾਈ : ਬਾਜਵਾ

01/14/2020 6:57:00 PM

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਉੱਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ ਅਤੇ ਇਹ ਨਿਰਾਦਰੀ ਕਰਨ ਦੇ ਦੋਸ਼ੀਆਂ ਵਿਰੁੱਧ ਸਿੱਖ ਪਰੰਪਰਾਵਾਂ ਅਤੇ ਮਰਿਯਾਦਾ ਅਨੁਸਾਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਾਰਵਾਈ ਕਰਨ ਦੀ ਅਪੀਲ ਕਰਦਿਆਂ, ਬਾਜਵਾ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ ਵਿਚ ਵਸਦੇ ਪ੍ਰਾਣੀ ਮਾਤਰ ਦੇ ਭਲੇ ਲਈ ਹੈ ਅਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ ਪਰ ਮਾਲਕ ਨਹੀਂ। ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀ. ਵੀ. ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਪਵਿੱਤਰ ਹੁਕਮਨਾਮੇ 'ਤੇ ਨਿਰੋਲ ਆਪਣਾ ਹੱਕ ਹੋਣ ਦਾ ਕੀਤਾ ਗਿਆ ਦਾਅਵਾ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁਲ ਉਲਟ ਹੈ ਤੇ ਇਹ ਦਾਅਵਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ।

ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਕਿਸੇ ਟੀ. ਵੀ. ਚੈਨਲ ਨੂੰ ਵੇਚਣ ਦੇ ਅਧਿਕਾਰ ਨੁੰ ਚੁਣੌਤੀ ਦਿੰਦਿਆਂ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਦੀ ਮਾਲਕ ਨਹੀਂ ਹੈ ਅਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੀ ਇਸ ਦੀ ਜ਼ਿੰਮੇਵਾਰੀ ਹੈ। ਇਸ ਲਈ ਉਹ ਅੱਗੇ ਕਿਸੇ ਹੋਰ ਅਦਾਰੇ ਨੂੰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਕਿਵੇਂ ਵੇਚ ਸਕਦੀ ਹੈ ਅਤੇ ਉਹ ਵੀ ਨਿਰੋਲ ਮੁਨਾਫ਼ਾ ਕਮਾਉਣ ਵਾਲੇ ਇਕ ਨਿੱਜੀ ਵਪਾਰਕ ਅਦਾਰੇ ਨੂੰ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਦਿੱਤਾ ਹੈ। ਬਾਜਵਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਹਿਦਾਇਤ ਕਰਨ ਕਿ ਉਹ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਟੀ. ਵੀ. ਚੈਨਲਾਂ ਅਤੇ ਡਿਜ਼ੀਟਲ ਮੀਡੀਆ ਅਦਾਰਿਆਂ ਨੂੰ ਸਹੂਲਤ ਪ੍ਰਦਾਨ ਕਰਨ ਦਾ ਬੰਦੋਬਸਤ ਕਰੇ। ਉਨ੍ਹਾਂ ਕਿਹਾ ਕਿ ਇਸ ਨਾਲ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਵਿਚ ਵੀ ਮੱਦਦ ਮਿਲੇਗੀ ਅਤੇ ਕਿਸੇ ਇਕ ਚੈਨਲ ਜਾਂ ਅਦਾਰੇ ਨੂੰ ਪ੍ਰਸਾਰਨ ਦੇ ਹੱਕ ਦੇਣ ਦਾ ਮਾਮਲਾ ਵੀ ਨਜਿੱਠਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੂਰੇ ਸਿੱਖ ਪੰਥ ਦੀ ਸੱਤਰਵਿਆਂ ਦੇ ਦਹਾਕੇ ਤੋਂ ਇਹ ਤੀਬਰ ਤਾਂਘ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇ ਅਤੇ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਵਪਾਰ ਬਣਾਉਣਾ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਬਿਲਕੁਲ ਉਲਟ ਹੈ। ਕੇਬਲ ਟੀ. ਵੀ. ਸ਼ੁਰੂ ਹੋਣ ਸਮੇਂ ਸ਼੍ਰੋਮਣੀ ਕਮੇਟੀ ਨੇ ਇਹ ਕਿਹਾ ਸੀ ਕਿ ਉਹ ਅਜਿਹਾ ਪ੍ਰਬੰਧ ਕਰੇਗੀ ਜਿਸ ਨਾਲ ਮਿੱਥੀ ਗਈ ਮਰਿਯਾਦਾ ਨੂੰ ਮੰਨਣ ਵਾਲੇ ਸਾਰੇ ਟੀ. ਵੀ. ਅਤੇ ਰੇਡੀਓ ਚੈਨਲਾਂ ਨੂੰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਲਈ ਮੁਫ਼ਤ ਸਿਗਨਲ ਮੁਹੱਈਆ ਕਰਵਾਇਆ ਜਾਵੇਗਾ ਪਰ ਬਾਦਲ ਪਰਿਵਾਰ ਦੇ ਦਬਾਅ ਹੇਠ ਇਹ ਤਜਵੀਜ ਛੱਡ ਕੇ ਉਨ੍ਹਾਂ ਦੇ ਟੀ. ਵੀ. ਚੈਨਲ ਨੂੰ ਸਾਰੇ ਹੱਕ ਦੇ ਦਿੱਤੇ ਗਏ।

ਬਾਜਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਵਲੋਂ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀ. ਵੀ. ਚੈਨਲ ਨਾਲ ਕੀਤੇ ਗਏ ਸਮਝੌਤੇ ਨੂੰ ਜਨਤਕ ਕਰਨ ਤਾਂ ਕਿ ਪੂਰੇ ਸਿੱਖ ਪੰਥ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗ ਸਕੇ। ਉਨ੍ਹਾਂ ਜਥੇਦਾਰ ਸਾਹਿਬ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਗੁਰੂ ਦੇ ਨਾਮ ਉੱਤੇ ਜਿਊਣ ਵਾਲੇ ਪੰਜਾਬ ਦੀ ਵਿਧਾਨ ਸਭਾ ਵਲੋਂ ਵੀ 6 ਨਵੰਬਰ ਨੂੰ ਇਸ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਵੀ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ। ਇਸ ਸਬੰਧੀ ਉਨ੍ਹਾਂ ਖੁਦ ਇਕ ਚਿੱਠੀ ਲਿਖ ਕੇ ਵੀ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ।

Gurminder Singh

This news is Content Editor Gurminder Singh