ਮੋਗਾ ''ਚ ਹੋਈ ਗੈਂਗਮੈਨ ਦੀ ਹੱਤਿਆ ਦੇ ਮਾਮਲੇ ''ਚ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ (ਤਸਵੀਰਾਂ)

07/09/2017 7:07:28 PM

ਮੋਗਾ— ਮੋਗਾ ਦੇ ਮਹਿਣਾ 'ਚ ਹੋਈ ਨਾਨਕੂ ਰਾਮ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ  ਹੈ। ਗੈਂਗਮੈਨ ਨਾਨਕੂ ਰਾਮ ਦੀ ਹੱਤਿਆ ਦੇ ਮਾਮਲੇ ਦੇ 4 'ਚੋਂ ਦੋ ਦੋਸ਼ੀਆਂ ਜੀ. ਆਰ. ਪੀ. ਪੁਲਸ ਨੇ ਕਾਬੂ ਕਰ ਲਿਆ ਹੈ। 
ਜ਼ਿਕਰਯੋਗ ਹੈ ਕਿ ਨਾਨਕੂ ਰਾਮ ਰੇਲਵੇ ਸਟੇਸ਼ਨ ਮਹਿਣਾ 'ਤੇ ਬਤੌਰ ਗੈਂਗਮੈਨ ਤਾਇਨਾਤ ਸੀ, ਜੋ ਆਪਣੇ ਸਾਥੀਆਂ ਨਾਲ ਮਹਿਣਾ ਤੋਂ ਮੋਗਾ ਰੇਲਵੇ ਲਾਈਨ ਦੀ ਚੈਕਿੰਗ ਕਰਦੇ ਸਨ। ਉਨ੍ਹਾਂ ਦੇ ਨਾਲ ਮੋਹਨ ਤਨਵਰ, ਸੋਮਵੀਰ, ਅਜੇ ਕੁਮਾਰ, ਵਿਜੈ ਰਾਏ ਅਤੇ ਕੁਝ ਹੋਰ ਵਿਅਕਤੀ ਵੀ ਲੱਗੇ ਹੋਏ ਸਨ। ਨਾਨਕੂ ਰਾਮ ਡਿਊਟੀ ਦੇ ਬਹੁਤ ਪਾਬੰਦ ਸਨ ਅਤੇ ਉਹ ਆਪਣੇ ਸਾਥੀਆਂ ਨੂੰ ਵੀ ਸਮੇਂ ਸਿਰ ਡਿਊਟੀ 'ਤੇ ਆਉਣ ਲਈ ਕਹਿੰਦੇ ਰਹਿੰਦੇ ਸਨ। ਇਸ ਗੱਲ ਨੂੰ ਲੈ ਕੇ ਉਸ ਦੇ ਨਾਲ ਕੰਮ ਕਰਨ ਵਾਲੇ ਸਾਥੀ ਉਸ ਨਾਲ ਰੰਜਿਸ਼ ਰੱਖਣ ਲੱਗੇ।ਇਸੇ ਰੰਜਿਸ਼ ਦੇ ਤਹਿਤ ਬੀਤੀ 29 ਜੂਨ ਨੂੰ ਹਾਜਿਰੀ ਲਗਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਨਾਨਕੂ ਦੀ ਹੱਤਿਆ ਕੀਤੀ ਗਈ ਸੀ। 
ਉਨ੍ਹਾਂ ਨਾਲ ਕੰਮ ਕਰਨ ਵਾਲੇ ਸਾਥੀਆਂ ਨੇ ਰੰਜਿਸ਼ ਕਾਰਨ ਹੀ ਉਨ੍ਹਾਂ 'ਤੇ ਬੇਸਬੈਟ ਅਤੇ ਡੰਡਿਆਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ 'ਤੇ ਉਨ੍ਹਾਂ ਨੇ ਰੌਲਾ ਵੀ ਪਾਇਆ ਪਰ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਏ ਸਨ। ਘਟਨਾ ਦਾ ਪਤਾ ਲੱਗਣ 'ਤੇ ਰੇਲਵੇ ਸਟੇਸ਼ਨ ਮੋਗਾ 'ਤੇ ਤਾਇਨਾਤ ਪਬਲਿਕ ਵਰਕਸ ਇੰਚਾਰਜ ਜਸਵੀਰ ਸਿੰਘ ਅਤੇ ਹੋਰ ਰੇਲਵੇ ਮੁਲਾਜ਼ਮ ਮੌਕੇ 'ਤੇ ਪੁੱਜੇ  ਸਨ ਅਤੇ ਨਾਨਕੂ ਰਾਮ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਪਰ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ।