ਜਲੰਧਰ ਵਿਖੇ ਡਾਲਫਿਨ ਹੋਟਲ ਨੇੜੇ ਗੋਲ਼ੀਆਂ ਚੱਲਣ ਦੀ ਵਾਰਦਾਤ ਦਾ ਅਸਲ ਕਾਰਨ ਆਇਆ ਸਾਹਮਣੇ

05/01/2022 5:22:30 PM

ਜਲੰਧਰ (ਸੁਧੀਰ)- ਸਥਾਨਕ ਪੁਰਾਣੀ ਸਬਜ਼ੀ ਮੰਡੀ ਨੇੜੇ ਸਥਿਤ ਹੋਟਲ ਡਾਲਫਿਨ ਨਜ਼ਦੀਕ ਬੀਤੇ ਦਿਨ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਮਾਮੂਲੀ ਝਗੜੇ ’ਚ ਇਕ ਨੌਜਵਾਨ ਨੇ ਸੜਕ ਦੇ ਵਿਚਾਲੇ ਤਾਬੜਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ’ਚ ਸੜਕ ਵਿਚਾਲੇ ਅਚਾਨਕ ਗੋਲ਼ੀਆਂ ਚੱਲਣ ਨਾਲ ਲੋਕਾਂ ’ਚ ਭਾਜੜ ਮਚ ਗਈ। ਇਸ ਦੌਰਾਨ ਇਕ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ, ਏ. ਡੀ. ਸੀ. ਪੀ. ਕ੍ਰਾਈਮ ਗੁਰਬਾਜ਼ ਸਿੰਘ ਅਤੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਮੌਕੇ ਤੋਂ ਗੋਲ਼ੀਆਂ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਚਰਨਜੀਤਪੁਰਾ ਨਿਵਾਸੀ ਪਿਊਸ਼ ਨੇ ਦੱਸਿਆ ਕਿ ਉਹ ਫਾਈਨਾਂਸ ਦਾ ਕਾਰੋਬਾਰ ਕਰਦਾ ਹੈ। ਸ਼ਨੀਵਾਰ ਸ਼ਾਮੀਂ ਉਹ ਹੋਟਲ ਡਾਲਫਿਨ ਨੇੜਿਓਂ ਲੰਘ ਰਿਹਾ ਸੀ। ਇਸ ਦੌਰਾਨ ਉਸ ਦੇ ਦੋਸਤ ਵਿਵੇਕ ਪੁਰੀ ਨਾਲ ਕੁਝ ਨੌਜਵਾਨ ਝਗੜਾ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ।

ਇਹ ਵੀ ਪੜ੍ਹੋ: ਜਲੰਧਰ: 27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਮਰੇ 'ਚ ਇਹ ਹਾਲ 'ਚ ਪੁੱਤ ਨੂੰ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ

ਪਿਊਸ਼ ਨੇ ਦੋਸ਼ ਲਾਇਆ ਕਿ ਇੰਨੇ ’ਚ ਦੂਜੀ ਧਿਰ ਦੇ ਨੌਜਵਾਨ ਨੇ ਪਹਿਲਾਂ ਉਸ ਨਾਲ ਬਿਨਾਂ ਵਜ੍ਹਾ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਵਿਰੋਧ ਕਰਨ ’ਤੇ ਉਕਤ ਨੌਜਵਾਨ ਨੇ ਰਿਵਾਲਵਰ ਕੱਢ ਕੇ ਸ਼ਰੇਆਮ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਕਾਬੂ ਨੌਜਵਾਨ ਦੀ ਪਛਾਣ ਗੌਰਵ ਬਠਲਾ ਨਿਵਾਸੀ ਸ਼ਾਸਤਰੀ ਨਗਰ ਵਜੋਂ ਹੋਈ ਹੈ। ਕਾਬੂ ਨੌਜਵਾਨ ਅਟਾਰੀ ਬਾਜ਼ਾਰ ਨੇੜੇ ਕੁਲਫੀਆਂ ਵੇਚਣ ਵਾਲੇ ਦਾ ਭਰਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਗੌਰਵ ਬਠਲਾ ਨੇ ਪਹਿਲੀ ਧਿਰ ਦੇ ਨੌਜਵਾਨਾਂ ’ਤੇ ਉਸ ਨਾਲ ਬਿਨਾਂ ਵਜ੍ਹਾ ਕੁੱਟਮਾਰ ਕਰਨ ਦਾ ਦੋਸ਼ ਲਾਇਆ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਪਟਿਆਲਾ ਦੀ ਘਟਨਾ 'ਤੇ ਬੋਲੇ ਸੁਨੀਲ ਜਾਖੜ, ਸ਼ਰਾਰਤੀ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ

ਲਾਅ ਐਂਡ ਆਰਡਰ ਦਾ ਉਲੰਘਣ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਸੀ. ਪੀ.
ਦੂਜੇ ਪਾਸੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਫਿਲਹਾਲ ਪੁਲਸ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਵਾਹਨਾਂ ’ਚ ਹੋਈ ਮਾਮੂਲੀ ਟੱਕਰ ਤੋਂ ਬਾਅਦ ਝਗੜਾ ਹੋਇਆ, ਜਿਸ ਕਾਰਨ ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਫੋਨ ਕਰਕੇ ਆਪਣੇ ਸਮਰਥਕ ਬੁਲਾ ਲਏ। ਇਕ ਧਿਰ ਦੇ ਸਮਰਥਕ ਪਹਿਲਾਂ ਪਹੁੰਚ ਗਏ, ਜਿਨ੍ਹਾਂ ਗੌਰਵ ਬਠਲਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਗੌਰਵ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਲਾਅ ਐਂਡ ਆਰਡਰ ਦਾ ਉਲੰਘਣ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਗੋਲ਼ੀ ਚਲਾਉਣ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਲਾਇਸੈਂਸੀ ਰਿਵਾਲਵਰ ਬਰਾਮਦ ਕਰ ਲਿਆ ਹੈ ਅਤੇ ਪੁਲਸ ਰਿਵਾਲਵਰ ਦਾ ਲਾਇਸੈਂਸ ਵੀ ਰੱਦ ਕਰੇਗੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਜਾਂਚ ਤੋਂ ਬਾਅਦ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri