ਫਗਵਾੜਾ ''ਚ ਲੁਟੇਰਿਆਂ ਨੇ ਫਾਇਰਿੰਗ ਕਰਕੇ ਲੁੱਟੀ ਜਿਊਲਰੀ ਦੀ ਦੁਕਾਨ, ਲੋਕਾਂ ''ਚ ਦਹਿਸ਼ਤ

01/30/2020 6:25:27 PM

ਫਗਵਾੜਾ (ਜਲੋਟਾ)— ਇਥੋਂ ਦੇ ਪਿੰਡ ਪਾਸ਼ਟਾ 'ਚ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਜਿਊਲਰੀ ਦੀ ਦੁਕਾਨ 'ਚ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕਾਲੀਆ ਜਿਊਲਰ ਦੀ ਦੁਕਾਨ ਨੂੰ ਕਾਰ 'ਚ ਸਵਾਰ ਆਏ ਕਰੀਬ ਚਾਰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਦੁਕਾਨ ਮਾਲਕ ਵੱਲੋਂ ਵਿਰੋਧ ਕਰਨ 'ਤੇ ਲੁਟੇਰਿਆਂ ਵੱਲੋਂ ਫਾਇਰਿੰਗ ਹੋਣ ਦੀ ਵੀ ਸੂਚਨਾ ਮਿਲੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਸੰਬੰਧਤ ਦੀ ਪੁਲਸ ਨੇ ਉਕਤ ਸਥਾਨ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਸੋਨੇ ਨਾਲ ਭਰਿਆ ਬੈਗ ਲੁੱਟ ਕੇ ਲੈ ਗਏ ਹਨ।

ਐੱਸ. ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਜਿਊਲਰੀ ਦੀ ਦੁਕਾਨ 'ਚ ਲੁਟੇਰਿਆਂ ਨੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੋਕਾਂ ਮੁਤਾਬਕ ਚਾਰ ਲੁਟੇਰੇ ਕਾਰ 'ਚ ਸਵਾਰ ਹੋ ਕੇ ਜਿਊਲਰੀ ਦੀ ਦੁਕਾਨ 'ਤੇ ਆਏ ਸਨ। ਉਨ੍ਹਾਂ ਨੇ ਦੱਸਿਆ ਲੁੱਟਖੋਹ ਦੌਰਾਨ ਜਿਊਲਰੀ ਮਾਲਕ ਦੀਪਕ ਕਾਲੀਆ ਅਤੇ ਉਨ੍ਹਾਂ ਦੇ ਕਾਰੀਗਰ ਸੁਖ ਲੁਟੇਰਿਆਂ ਨਾਲ ਭਿੜ ਗਏ, ਜਿਸ ਦੌਰਾਨ ਲੁਟੇਰਿਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਇਸ ਘਟਨਾ 'ਚ ਜਿਊਲਰੀ ਮਾਲਕ ਦੀਪਕ ਅਤੇ ਕਰਿੰਦਾ ਸੁਖ ਦੋਵੇਂ ਜ਼ਖਮੀ ਹੋ ਗਏ ਹਨ। ਮੌਕੇ 'ਤੇ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਗੈ, ਜਿੱਥੇ ਉਹ ਇਲਾਜ ਅਧੀਨ ਹਨ। ਫਿਲਹਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

shivani attri

This news is Content Editor shivani attri