ਨਾਹਰਪੁਰ ਵਿਖੇ ਵਾਪਰੇ ਗੋਲੀ ਕਾਂਡ ਦੀ ਉੱਚ ਪੱਧਰੀ ਜਾਂਚ ਸ਼ੁਰੂ

01/15/2018 1:04:22 PM

ਮੁਕੇਰੀਆਂ (ਨਾਗਲਾ)— ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ 'ਤੇ ਮੁਕੇਰੀਆਂ ਪੁਲਸ ਨੇ ਪਿੰਡ ਨਾਹਰਪੁਰ ਵਿਖੇ 24 ਨਵੰਬਰ 2014 ਨੂੰ ਵਾਪਰੇ ਗੋਲੀ ਕਾਂਡ ਦੌਰਾਨ ਇਕ ਵਿਅਕਤੀ ਅਤੇ ਉਸ ਦੀਆਂ 2 ਧੀਆਂ ਦੀ ਹੋਈ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਲਈ ਧਾਰਾ 302, ਆਰਮਜ਼ ਐਕਟ ਦੀ ਧਾਰਾ 25 ਅਤੇ 27 ਅਧੀਨ ਕੇਸ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਲਵਿੰਦਰ ਕੌਰ ਪਤਨੀ ਸਵ. ਕਪੂਰ ਸਿੰਘ ਵਾਸੀ ਨਾਹਰਪੁਰ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਰਿੱਟ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਨੇ ਆਪਣੇ ਲੜਕੇ ਗੁਰਦਿਆਲ ਸਿੰਘ ਅਤੇ ਪੋਤਰੀਆਂ ਜਸ਼ਨਪ੍ਰੀਤ ਕੌਰ ਅਤੇ ਜਗਨੀਤ ਕੌਰ ਦੀ ਗੋਲੀ ਕਾਂਡ ਦੌਰਾਨ ਹੋਈ ਮੌਤ ਦੇ ਮਾਮਲੇ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 3 ਮਾਰਚ 2015 ਨੂੰ ਦਰਖਾਸਤ ਦਿੱਤੀ ਸੀ, ਜਿਸ ਉੱਪਰ ਜਾਂਚ ਉਪਰੰਤ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਮਾਣਯੋਗ ਹਾਈ ਕੋਰਟ ਨੇ ਇਸ ਸਬੰਧੀ ਐੱਫ. ਆਈ. ਆਰ. ਦਰਜ ਨਾ ਕੀਤੇ ਜਾਣ ਸਬੰਧੀ ਪੁੱਛਿਆ ਸੀ। ਇਸ ਦੀ ਜਾਂਚ ਐੱਸ. ਪੀ. (ਡੀ) ਵੱਲੋਂ ਕੀਤੇ ਜਾਣ ਉਪਰੰਤ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਮੁਕੇਰੀਆਂ ਪੁਲਸ ਨੂੰ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਭੇਤਭਰੀ ਹਾਲਤ 'ਚ ਵਾਪਰੇ ਗੋਲੀ ਕਾਂਡ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਹਰ ਹਾਲ 'ਚ ਲੱਭ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।