ਵਿਆਹ ''ਚ ਪਈਆਂ ਭਾਜੜਾਂ, ਕਤਲ ਦੇ ਇਰਾਦੇ ਨਾਲ ਚਲਾਈਆਂ ਗੋਲੀਆਂ

11/07/2018 2:20:14 PM

ਮਾਨਸਾ (ਮਿੱਤਲ)— ਪਿੰਡ ਖੀਵਾ ਮੀਂਹਾ ਸਿੰਘ ਵਾਲਾ ਵਿਖੇ ਬੀਤੇ ਦਿਨੀਂ ਇਕ ਵਿਆਹ ਸਮਾਗਮ 'ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪਿੰਡ ਦੇ ਹੀ ਇਕ ਵਿਅਕਤੀ ਨੂੰ ਮਾਰਨ ਦੇ ਇਰਾਦੇ ਨਾਲ ਕੁਝ ਵਿਅਕਤੀਆਂ ਨੇ ਫਾਇਰ ਕਰ ਦਿੱਤੇ। ਇਸ ਦੌਰਾਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਘਟਨਾ ਸਬੰਧੀ ਥਾਣਾ ਸਦਰ ਬੁਢਲਾਡਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਉਕਤ ਪਿੰਡ 'ਚ ਵਿਆਹ ਸਮਾਗਮ ਦੌਰਾਨ ਕੁਝ ਵਿਅਕਤੀਆਂ ਨੇ ਪਿੰਡ ਵਾਸੀ ਸੁਖਵੀਰ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹੁਣ ਉਹ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਭਗਵਾਨ ਦਾਸ ਨੇ ਜ਼ਖਮੀ ਸੁਖਵੀਰ ਦੀ ਸ਼ਿਕਾਇਤ 'ਤੇ ਮਨਦੀਪ ਸਿੰਘ, ਉਸ ਦੇ ਪਿਤਾ ਕੇਵਲ ਸਿੰਘ ਵਾਸੀਆਨ ਪਿੰਡ ਮੀਂਹਾ ਸਿੰਘ ਵਾਲਾ ਅਤੇ ਗੁਰਦੀਪ ਸਿੰਘ ਵਾਸੀ ਬੀਰੋਕੇ ਕਲਾਂ ਖਿਲਾਫ ਧਾਰਾ 307 ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri