ਗਲਫੂਡ 2020 : ਹਰਸਿਮਰਤ ਕੌਰ ਵੱਲੋਂ ਯੂ. ਏ. ਈ. ਦੀ ਖੁਰਾਕ ਸੁਰੱਖਿਆ ਮੰਤਰੀ ਨਾਲ ਮੁਲਾਕਾਤ

02/18/2020 9:58:58 AM

ਬਠਿੰਡਾ (ਵਰਮਾ) : ਭਾਰਤ 'ਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਮੌਕਿਆਂ ਬਾਰੇ ਇਕ ਕਾਰੋਬਾਰੀ ਗੋਲਮੇਜ਼ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਯੂ. ਏ. ਈ. ਦੀਆਂ ਕੰਪਨੀਆਂ ਨੂੰ ਦਿੱਲੀ 'ਚ 21 ਤੋਂ 23 ਫਰਵਰੀ ਤੱਕ ਆਯੋਜਿਤ ਕੀਤੀ ਜਾ ਰਹੀ ਪਹਿਲੀ ਆਰਗੈਨਿਕ ਭੋਜਨ ਪ੍ਰਦਰਸ਼ਨੀ 'ਚ ਭਾਗ ਲੈਣ ਦਾ ਸੱਦਾ ਦਿੱਤਾ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਦੁਬਈ ਵਿਖੇ ਗਲਫੂਡ 2020 ਦੌਰਾਨ ਆਪਣੀ ਹਮ-ਰੁਤਬਾ ਯੂ. ਏ. ਈ. ਦੀ ਖੁਰਾਕ ਸੁਰੱਖਿਆ ਮੰਤਰੀ ਮਰੀਅਮ ਬਿੰਟ ਮੁਹੰਮਦ ਸਈਅਦ ਹਰੇਬ ਅਲੀ ਮੁਹੈਰੀ ਨੂੰ ਮਿਲੇ। ਦੋਵੇਂ ਮੰਤਰੀਆਂ ਨੇ ਖੁਰਾਕ ਸੁਰੱਖਿਆ ਦੇ ਖੇਤਰ 'ਚ ਦੋਵੇਂ ਦੇਸ਼ਾਂ ਵਿਚਕਾਰ ਮੌਜੂਦਾ ਦੁਵੱਲੇ ਸਹਿਯੋਗ 'ਤੇ ਤਸੱਲੀ ਪ੍ਰਗਟ ਕੀਤੀ।

ਇਸੇ ਦੌਰਾਨ ਦੋਵੇਂ ਮੰਤਰੀਆਂ ਨੇ ਭਾਰਤ ਅਤੇ ਯੂ. ਏ. ਈ. ਵਿਚਕਾਰ ਸਹਿਯੋਗ ਨੂੰ ਹੋਰ ਵਧਾਉਣ ਲਈ ਵੱਖ-ਵੱਖ ਤਰੀਕਿਆਂ 'ਤੇ ਵਿਚਾਰ-ਚਰਚਾ ਕੀਤੀ। ਇਸ ਸਬੰਧ 'ਚ ਦੋਵੇਂ ਮੰਤਰੀਆਂ ਨੇ ਦੋਵੇਂ ਦੇਸ਼ਾਂ ਦੀ ਉੱਚ ਲੀਡਰਸ਼ਿਪ ਦੇ ਨਜ਼ਰੀਏ ਅਨੁਸਾਰ ਭਾਰਤ 'ਚ ਖੁਰਾਕ ਸੈਕਟਰ ਅੰਦਰ ਯੂ. ਏ. ਈ. ਦੇ ਨਿਵੇਸ਼ ਬਾਰੇ ਚਰਚਾ ਕੀਤੀ। ਦੋਵੇਂ ਮੰਤਰੀਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੋਵੇਂ ਧਿਰਾਂ ਖਾਰੇ ਪਾਣੀ ਨਾਲ ਖੇਤੀਬਾੜੀ ਵਰਗੇ ਨਵੇਂ ਖੇਤਰਾਂ 'ਚ ਇਕ-ਦੂਜੇ ਨਾਲ ਸੂਚਨਾ ਸਾਂਝੀ ਕਰ ਸਕਦੀਆਂ ਹਨ। ਬੀਬਾ ਬਾਦਲ ਨੇ ਦੱਸਿਆ ਕਿ ਭਾਰਤ 'ਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਨਿਵੇਸ਼ ਦੀਆਂ ਸ਼ਾਨਦਾਰ ਸੰਭਾਵਨਾਵਾਂ ਹਨ। ਯੂ. ਏ. ਈ. ਨੇ ਭਾਰਤ ਅੰਦਰ ਫੂਡ ਪ੍ਰੋਸੈਸਿੰਗ ਦੇ ਕੋਲਡ ਚੇਨਜ਼, ਫੂਡ ਪਾਰਕਾਂ, ਠੇਕੇ 'ਤੇ ਖੇਤੀ ਅਤੇ ਯੋਜਨਾਬੰਦੀ ਦੇ ਖੇਤਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਹਾਂ-ਪੱਖੀ ਹੁੰਗਾਰਾ ਦਿੱਤਾ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਬੀਬਾ ਬਾਦਲ ਨੇ ਭਾਰਤ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਇਕ ਕਾਰੋਬਾਰੀ ਗੋਲਮੇਜ਼ ਨੂੰ ਸੰਬੋਧਨ ਕੀਤਾ।

cherry

This news is Content Editor cherry