ਦੋਸ਼ੀ ਰਾਜਨ ਅਤੇ ਕਾਂਸਟੇਬਲ ਨੂੰ 5-5 ਸਾਲ ਕੈਦ, 20 ਹਜ਼ਾਰ ਜੁਰਮਾਨਾ

08/21/2018 6:19:10 AM

ਚੰਡੀਗਡ਼੍ਹ, (ਸੰਦੀਪ)- ਪੇਸ਼ੀ ਦੌਰਾਨ ਜ਼ਿਲਾ ਅਦਾਲਤ ’ਚੋਂ ਫਰਾਰ ਹੋਣ ਦੇ ਮਾਮਲੇ ਵਿਚ ਦੋਸ਼ੀ ਰਾਜਨ ਭੱਟੀ ਅਤੇ ਡਿਊਟੀ ਵਿਚ ਲਾਪਰਵਾਹੀ ਵਰਤਣ ਵਾਲੇ ਪੁਲਸ ਕਾਂਸਟੇਬਲ ਹਰਬੰਸ ਲਾਲ ਨੂੰ ਜ਼ਿਲਾ ਅਦਾਲਤ ਨੇ 5-5 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਨਾਲ ਅਦਾਲਤ ਨੇ ਦੋਨਾਂ ’ਤੇ 20-20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।  ਸੈਕਟਰ-36 ਥਾਣਾ ਪੁਲਸ ਨੇ ਅਕਤੂਬਰ 2015 ’ਚ ਦੋਸ਼ੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ-222, 224, 225ਬੀ ਅਤੇ 120ਬੀ  ਤਹਿਤ ਕੇਸ ਦਰਜ ਕੀਤਾ ਸੀ।
 ਦਰਜ ਕੇਸ ਅਨੁਸਾਰ 13 ਅਕਤੂਬਰ 2015 ਨੂੰ ਰਾਜਨ ਭੱਟੀ ਦੀ ਜ਼ਿਲਾ ਅਦਾਲਤ ’ਚ ਦੁਸ਼ਕਰਮ ਕੇਸ ’ਚ ਪੇਸ਼ੀ ’ਤੇ ਲਿਆਂਦਾ ਗਿਆ ਸੀ। ਪੇਸ਼ੀ ਤੋਂ ਬਾਅਦ ਕਾਂਸਟੇਬਲ ਰਾਜਨ ਨੂੰ ਚਾਹ ਪਿਲਾਉਣ ਲਈ ਵਕੀਲਾਂ ਦੇ ਚੈਂਬਰਜ ਦੇ ਪਿਛਲੇ ਪਾਸੇ ਦੁਕਾਨਾਂ ਕੋਲ ਲੈ ਗਿਆ। ਇਸ ਦੌਰਾਨ ਮੌਕਾ ਪਾ ਕੇ ਉਹ ਕਾਂਸਟੇਬਲ ਹਰਬੰਸ ਨੂੰ ਟੱਕਰ ਮਾਰਕੇ ਫਰਾਰ ਹੋ ਗਿਆ। ਕਾਂਸਟੇਬਲ ’ਤੇ ਦੋਸ਼ ਸੀ ਕਿ ਕੈਦੀ ਦੇ ਭੱਜਣ ਦੇ ਬਾਵਜੂਦ ਉਸਨੇ ਇਸਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਅਤੇ ਅਫਸਰਾਂ ਨੂੰ ਨਹੀਂ ਦਿੱਤੀ ਸੀ। 
ਪਹਿਲਾਂ ਉਹ ਖੁਦ ਉਸਦੇ ਪਿੱਛੇ ਭੱਜਿਆ ਪਰ ਕੋਰਟ ਬਾਊਂਡਰੀ ਦੇ ਬਾਹਰ ਕਾਰ ’ਚ ਉਸਦਾ ਇੰਤਜ਼ਾਰ ਕਰ ਰਹੇ ਉਸਦੇ ਸਾਥੀ ਉਸਨੂੰ ਕਾਰ ’ਚ ਬਿਠਾ ਕੇ ਫਰਾਰ ਹੋ ਗਏ। ਇਸਤੋਂ ਬਾਅਦ ਉਸਨੇ ਕਾਫ਼ੀ ਦੇਰ ਬਾਅਦ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਸੂਚਨਾ ਮਿਲਣ ਤੋਂ ਬਾਅਦ ਪੰਜਾਬ ’ਚ ਟੀਮ ਰਵਾਨਾ ਕੀਤੀ ਸੀ। ਉਥੇ ਹੀ ਕਾਂਸਟੇਬਲ ਹਰਬੰਸ ਲਾਲ ਖਿਲਾਫ ਡਿਊਟੀ ਵਿਚ ਲਾਪ੍ਰਵਾਹੀ ਦਾ ਕੇਸ ਦਰਜ ਕੀਤਾ ਸੀ। ਉਸਦੀ ਹਿਰਾਸਤ ’ਚੋਂ ਵਾਰਦਾਤ ਤੋਂ ਕੁਝ ਮਹੀਨੇ ਪਹਿਲਾਂ ਵੀ ਕੋਰਟ ਤੋਂ ਇਕ ਕੈਦੀ ਫਰਾਰ ਹੋ ਗਿਆ ਸੀ। ਉਥੇ ਹੀ ਪੁਲਸ ਹਿਰਾਸਤ ਤੋਂ ਭੱਜਣ ’ਤੇ ਰਾਜਨ ਭੱਟੀ ਅਤੇ ਭੱਜਣ ’ਚ ਮਦਦ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਸੀ।