ਫਸਲ ਵੱਢਣ ਤੋਂ ਰੋਕਣ ਅਤੇ ਘਰ ''ਤੇ ਗੋਲੀਆਂ ਚਲਾਉਣ ਦੇ ਲਾਏ ਦੋਸ਼

11/20/2017 7:38:09 AM

ਭਿੱਖੀਵਿੰਡ/ਬੀੜ ਸਾਹਿਬ, (ਭਾਟੀਆ, ਬਖਤਾਵਰ)- ਪਿੰਡ ਸੁਰਸਿੰਘ ਦੇ ਨਿਵਾਸੀ ਅਰਜਨ ਸਿੰਘ ਪੁੱਤਰ ਕਰਨੈਲ ਸਿੰਘ ਨੇ ਸਥਾਨਕ ਇਕ ਨੌਜਵਾਨ ਤਲਵਿੰਦਰ ਸਿੰਘ 'ਤੇ ਉਸ ਦੇ ਘਰ ਉਪਰ ਗੋਲੀਆਂ ਚਲਾਉਣ ਤੇ ਉਸ ਨੂੰ ਬਾਸਮਤੀ ਦੀ ਫਸਲ ਵੱਢਣ ਤੋਂ ਰੋਕਣ ਦੇ ਗੰਭੀਰ ਦੋਸ਼ ਲਾਏ ਹਨ। 
 ਪੀੜਤ ਕਿਸਾਨ ਅਰਜਨ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਪਿਓ-ਦਾਦੇ ਵੱਲੋਂ ਬਰਾਬਰ ਜ਼ਮੀਨ ਵੰਡ ਕੇ ਦਿੱਤੀ ਹੋਈ ਹੈ, ਉਹ ਆਪਣੀ ਜ਼ਮੀਨ ਉਪਰ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਹਨ। ਤਲਵਿੰਦਰ ਸਿੰਘ ਹੁਣ ਜਾਣਬੁੱਝ ਕੇ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ 1 ਨਵੰਬਰ ਨੂੰ ਮੇਰੇ ਘਰ ਕੋਲ ਆਣ ਕੇ ਉਸ ਨੇ ਗੋਲੀਆਂ ਮਾਰੀਆਂ, ਜਿਸ ਬਾਰੇ ਮੈਂ ਪੁਲਸ ਨੂੰ ਸੂਚਿਤ ਕੀਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਵੀਰਵਾਰ ਅਸੀਂ ਆਪਣੀ ਜ਼ਮੀਨ 'ਚ ਬੀਜੀ ਬਾਸਮਤੀ ਦੀ ਫਸਲ ਵੱਢ ਰਹੇ ਸੀ ਕਿ ਉਕਤ ਤਲਵਿੰਦਰ ਸਿੰਘ ਨੇ ਆ ਕੇ ਧੱਕੇਸ਼ਾਹੀ ਨਾਲ ਸਾਨੂੰ ਫਸਲ ਵੱਢਣ ਤੋਂ ਰੋਕਿਆ ਤੇ ਆਪਣੇ ਸਾਥੀਆਂ ਨਾਲ ਸਾਰੀ ਵੱਢੀ ਹੋਈ ਫਸਲ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਪਹੁੰਚੀ ਪੁਲਸ ਸਾਡੀ ਵੱਢੀ ਹੋਈ ਫਸਲ ਨੂੰ ਇਕ ਟੈਂਪੂ 'ਚ ਲੱਧ ਕੇ ਪੁਲਸ ਚੌਕੀ ਸੁਰਸਿੰਘ ਵਿਖੇ ਲੈ ਗਈ।
ਪੀੜਤ ਕਿਸਾਨ ਅਰਜਨ ਸਿੰਘ ਨੇ ਪੁਲਸ ਦੇ ਉਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਧੱਕੇਸ਼ਾਹੀਆਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਤਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਕਾਗਜ਼ਾਂ ਅਨੁਸਾਰ ਇਸ ਜ਼ਮੀਨ 'ਚ ਮੇਰੇ ਪਿਤਾ ਜੀ ਦਾ ਹਿੱਸਾ ਬਣਦਾ ਹੈ।
ਇਸ ਸਬੰਧੀ ਪੁਲਸ ਚੌਕੀ ਦੇ ਇੰਚਾਰਜ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਝਗੜਾ ਹੋਣ ਦੇ ਡਰ ਤੋਂ ਪੁਲਸ ਪਾਰਟੀ ਨੇ ਮੌਕਾ ਦੇਖਦਿਆਂ ਬਾਸਮਤੀ ਪੁਲਸ ਚੌਕੀ ਵਿਖੇ ਲਿਆਂਦੀ ਸੀ, ਹੁਣ ਪੜਤਾਲ ਉਪਰੰਤ ਜਿਸ ਦੀ ਸਾਬਿਤ ਹੋਈ, ਉਸ ਨੂੰ ਦੇ ਦਿੱਤੀ ਜਾਵੇਗੀ।