ਕਰੀਅਰ ਆਪਸ਼ਨ ਚੁਣਨ ’ਚ ਵੀ ਹੋਵੇਗਾ ਵਿਦਿਆਰਥੀਆਂ ਦਾ ਮਾਰਗਦਰਸ਼ਨ

03/21/2019 2:36:05 AM

ਲੁਧਿਆਣਾ, (ਵਿੱਕੀ)- 10ਵੀਂ ਤੋਂ ਬਾਅਦ ਵੈਸੇ ਤਾਂ ਜ਼ਿਆਦਾਤਰ ਵਿਦਿਆਰਥੀ ਆਪਣਾ ਕਰੀਅਰ ਸੁਨਹਿਰਾ ਬਣਾਉਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਹੀ 11ਵੀਂ ਕਲਾਸ ’ਚ ਦਾਖਲੇ ਲਈ ਮਨਪਸੰਦ ਸਟ੍ਰੀਮ ਦੀ ਚੋਣ ਕਰਦੇ ਹਨ ਪਰ ਕਈ ਵਿਦਿਆਰਥੀ ਅਜਿਹੇ ਵੀ ਹਨ, ਜੋ 12ਵੀਂ ਤੱਕ ਦੀ ਪਡ਼੍ਹਾਈ ਪੂਰੀ ਕਰਨ ਲਈ ਕਿਸੇ ਵੀ ਸਟ੍ਰੀਮ ’ਚ ਐਡਮਿਸ਼ਨ ਤਾਂ ਲੈ ਲੈਂਦੇ ਹਨ ਪਰ ਜਾਣਕਾਰੀ ਦੀ ਕਮੀ ਹੋਣ ਕਾਰਨ ਉਨ੍ਹਾਂ ਲਈ ਇਹ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਭਵਿੱਖ ’ਚ ਕਰੀਅਰ ਦੇ ਲਈ ਕਿਸ ਆਪਸ਼ਨ ਨੂੰ ਚੁਣਨਾ ਹੈ। ਅਜਿਹੇ ਜ਼ਿਆਦਾਤਰ ਵਿਦਿਆਰਥੀ 12ਵੀਂ ਤੋਂ ਬਾਅਦ ਇਹ ਸੋਚਦੇ ਹਨ ਕਿ ਹੁਣ ਉਹ ਅੱਗੇ ਕੀ ਕਰਨ ਤੇ ਕਿਹਡ਼ੇ ਕੋਰਸ ਤੇ ਕਾਲਜ ਦੀ ਚੋਣ ਕਰਨ ਤਾਂ ਕਿ ਉਨ੍ਹਾਂ ਨੂੰ ਕਰੀਅਰ ’ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਅਜਿਹੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣ ਕੇ ਅੱਗੇ ਆਇਆ ਹੈ ਸੀ. ਬੀ. ਐੱਸ. ਈ., ਜਿਸ ਨੇ ਵਿਦਿਆਰਥੀਆਂ ਦੇ ਕਰੀਅਰ ਨੂੰ ਸਹੀ ਰਸਤੇ ’ਤੇ ਲਿਜਾਣ ਲਈ ਹੱਲ ਕੱਢਿਆ ਹੈ।
ਇਸੇ ਲਡ਼ੀ ਤਹਿਤ ਸੀ. ਬੀ. ਐੱਸ. ਈ. ਨੇ ਦੇਸ਼ ਭਰ ਦੇ ਵਿਦਿਆਰਥੀਆਂ ਲਈ ਇਕ ਅਜਿਹੀ ਗਾਈਡ ਬੁੱਕ ਜਾਰੀ ਕੀਤੀ ਹੈ, ਜਿਸ ਵਿਚ ਦੇਸ਼ ਦੀਆਂ 900 ਯੂਨੀਵਰਸਿਟੀਆਂ ਤੇ 41,000 ਕਾਲਜਾਂ ’ਚ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਹੈ। ਗਾਈਡ ਬੁੱਕ ਵਿਦਿਆਰਥੀਆਂ ਨੂੰ ਹੁਣ ਬੋਰਡ ਪ੍ਰੀਖਿਆ ਤੋਂ ਬਾਅਦ ਉੱਚ ਸਿੱਖਿਆ ਲਈ ਆਪਣੇ ਕਰੀਅਰ ਦੇ ਬਦਲ ਚੁਣਨ ’ਚ ਮਦਦ ਕਰੇਗੀ।
113 ਰਿਵਾਇਤੀ ਵਿਸ਼ਿਆਂ ਤੇ ਕੋਰਸਾਂ ਦੀ ਮਿਲੇਗੀ ਜਾਣਕਾਰੀ
ਸੀ. ਬੀ. ਐੱਸ. ਈ. ਵਲੋਂ ਇਸ ਗਾਈਡ ਬੁੱਕ ਦਾ ਨਾਂ ‘12ਵੀਂ ਤੋਂ ਬਾਅਦ ਕੀਤੇ ਜਾਣ ਵਾਲੇ ਕੋਰਸਾਂ ਦਾ ਨਿਚੋਡ਼’ ਦਿੱਤਾ ਗਿਆ ਹੈ। ਬੋਰਡ ਦਾ ਕਹਿਣਾ ਹੈ ਕਿ ਇਸ ਰਾਹੀਂ ਵਿਦਿਆਰਥੀ ਅਜਿਹੇ ਕੋਰਸਾਂ ਦੀ ਚੋਣ ਕਰ ਸਕਣਗੇ ਜੋ ਬਾਅਦ ’ਚ ਉਨ੍ਹਾਂ ਦੀ ਉੱਚ ਸਿੱਖਿਆ ਲੈਣ ’ਚ ਵੀ ਕੰਮ ਆਉਣਗੇ। ਇਸ ਗਾਈਡ ਬੁੱਕ ਵਿਚ 113 ਰਵਾਇਤੀ ਵਿਸ਼ਿਆਂ, ਹਰਮਨ ਪਿਆਰੇ ਤੇ ਨਵੀਂ ਵਿਧੀ ਦੇ ਕੋਰਸਾਂ ਦੀਆਂ ਜਾਣਕਾਰੀਆਂ ਦਿੱਤੀਆਂ ਹਨ। ਇਸ ਵਿਚ ਰੋਬੋਟਿਕਸ, ਪੱਤਰਕਾਰਤਾ, ਸਿਵਲ ਇੰਜੀਨੀਅਰਿੰਗ, ਟੂਰਿਜ਼ਮ, ਖੇਡ, ਨਿਊਟ੍ਰੀਸ਼ੀਅਨ, ਮੌਂਟੈਸਰੀ ਸਕੂਲਾਂ ’ਚ ਸਿਖਲਾਈ, ਲਾਇਬ੍ਰੇਰੀ ਸਾਇੰਸ ਆਦਿ ਸ਼ਾਮਲ ਹਨ। ਹਰ ਕੋਰਸ ਸਬੰਧੀ ਜ਼ਰੂਰੀ ਯੋਗਤਾਵਾਂ ਤੇ ਉਸ ਨਾਲ ਜੁਡ਼ੇ ਕਾਲਜ ਤੇ ਯੂਨੀਵਰਸਿਟੀਆਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਸੀ. ਬੀ. ਐੱਸ. ਈ. ਨੇ ਆਪਣੇ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਇਸ ਗਾਈਡ ਬੁੱਕ ਨੂੰ ਲਿਆਉਣ ਦਾ ਮਕਸਦ ਇਹ ਹੈ ਕਿ ਵਿਦਿਆਰਥੀਆਂ ’ਚ ਭਵਿੱਖ ਦੀ ਪਡ਼੍ਹਾਈ ਲਈ ਜਗਿਆਸਾ ਪੈਦਾ ਹੋਵੇ। ਉਹ ਸੰਭਾਵਨਾਵਾਂ ਦੇਖਣ ਤੇ ਉਸ ਤੋਂ ਅੱਗੇ ਜਾ ਕੇ ਵੀ ਮੌਕੇ ਹੋਣ ਤਾਂ ਉਹ ਵੀ ਦੇਖਣ। ਗਾਈਡ ਬੁੱਕ ਤੋਂ ਵਿਦਿਆਰਥੀਆਂ ਨੂੰ ਇਹ ਵੀ ਫਾਇਦਾ ਹੋਵੇਗਾ ਕਿ ਜਦੋਂ ਉਹ ਅੱਗੇ ਹਾਇਰ ਐਜੂਕੇਸ਼ਨ ਲਈ ਜਾਣਗੇ ਤਾਂ ਉਨ੍ਹਾਂ ਨੂੰ ਆਪਣੀ ਪਸੰਦ ਦੀਆਂ ਸੰਸਥਾਵਾਂ ਚੁਣਨ ਦਾ ਵੀ ਮੌਕਾ ਮਿਲੇਗਾ।
ਮੇਰੇ ਮੁਤਾਬਕ ਤਾਂ ਵਿਦਿਆਰਥੀ ਸੀ. ਬੀ. ਐੱਸ. ਈ. ਦੀ ਇਸ ਗਾਈਡ ਬੁੱਕ ਨੂੰ ਦੇਖਣ ਤੋਂ ਇਲਾਵਾ ਗੂਗਲ ’ਤੇ ਵੀ ਸਰਚ ਕਰਨ ਤਾਂ ਕਿ ਉਨ੍ਹਾਂ ਨੂੰ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਕਰੀਅਰ ਆਪਸ਼ਨ ਮੁਤਾਬਕ ਕਿਹਡ਼ੇ ਕੋਰਸ ਕਿਨ੍ਹਾਂ ਕਾਲਜਾਂ ਜਾਂ ਯੂਨੀਵਰਸਿਟੀਆਂ ’ਚ ਚੱਲ ਰਹੇ ਹਨ। ਇਹੀ ਨਹੀਂ ਬੱਚਿਆਂ ਨੂੰ ਕਿਸੇ ਵੀ ਕੋਰਸ ’ਚ ਦਾਖਲਾ ਲੈਣ ਲਈ ਸਭ ਤੋਂ ਪਹਿਲਾਂ ਉਸ ਦੀ ਫੀਸ ਤੇ ਸੰਸਥਾ ’ਚ ਮਿਲ ਰਹੀਆਂ ਸਹੂਲਤਾਂ ਅਤੇ ਫੈਕਲਟੀ ਬਾਰੇ ਨੇਡ਼ਿਓਂ ਜਾਣਨ ਲਈ ਕੈਂਪਸ ਦਾ ਦੌਰਾ ਵੀ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਸਕੇ।
–ਡਾ. ਅੰਸ਼ੂ ਕਟਾਰੀਆ, ਚੇਅਰਮੈਨ ਆਰੀਅਨਸ ਗਰੁੱਪ ਆਫ ਕਾਲਜਿਜ਼ ਰਾਜਪੁਰਾ।

Bharat Thapa

This news is Content Editor Bharat Thapa