ਮਾਮਲਾ ਦੇਹ ਵਪਾਰ ਦੇ ਧੰਦੇ ਦਾ, ਗੈਸਟ ਹਾਊਸਾਂ ਦੀ ਛਾਪੇਮਾਰੀ ਦੌਰਾਨ ਮਾਲਕ ਸਣੇ 3 ਜੋੜੇ ਕਾਬੂ (ਵੀਡੀਓ)

03/13/2020 9:51:50 AM

ਜਲੰਧਰ, ਨਕੋਦਰ (ਸੋਨੂੰ, ਪਾਲੀ) - ਨਕੋਦਰ ’ਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਸਿਟੀ ਪੁਲਸ ਬੀਤੇ ਦਿਨ ਐਕਸ਼ਨ ’ਚ ਨਜ਼ਰ ਆਈ। ਦੁਪਹਿਰ ਦੇ ਸਮੇਂ ਸ਼ਹਿਰ ਦੇ ਤਿੰਨ ਗੈਸਟ ਹਾਊਸਾਂ ਦੀ ਛਾਪੇਮਾਰੀ ਦੌਰਾਨ ਸਿਰਫ 2 ਗੈਸਟ ਹਾਊਸ ’ਚੋਂ ਤਿੰਨ ਜੋੜੇ ਬਰਾਮਦ ਹੋਏ, ਜਿਨ੍ਹਾਂ ’ਚ ਇਕ ਗੈਸਟ ਹਾਊਸ ਦਾ ਮਾਲਕ ਵੀ ਸੀ। ਛਾਪੇਮਾਰੀ ਦੌਰਾਨ ਦੂਜੇ ਗੈਸਟ ਹਾਊਸ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਉਕਤ ਤਿੰਨਾਂ ਜੋੜਿਆਂ ਸਮੇਤ ਗ੍ਰਿਫਤਾਰ ਅਤੇ ਫਰਾਰ ਗੈਸਟ ਹਾਊਸ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੂਰੂ ਕਰ ਦਿੱਤੀ। ਏ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਗੁਪਤ ਸੂਚਨਾ ਮਿਲੀ ਕਿ ਸ਼ਹਿਰ ’ਚ ਚੱਲ ਰਹੇ ਪੁਰੀ ਗੈਸਟ ਹਾਊਸ, ਪੋਪਲੀ ਗੈਸਟ ਹਾਊਸ ਅਤੇ ਸੋਨੂੰ ਗੈਸਟ ਹਾਊਸ ਵਿਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਉਕਤ ਗੈਸਟ ਹਾਊਸ ਮਾਲਕ ਗਾਹਕਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਕਮਰੇ ਕਿਰਾਏ ’ਤੇ ਦਿੰਦੇ ਹਨ। 

ਸੂਚਨਾ ਮਿਲਦੇ ਹੀ ਸਿਟੀ ਥਾਣਾ ਮੁਖੀ ਅਮਨ ਸੈਣੀ, ਸਬ-ਇੰਸਪੈਕਟਰ ਇਕਬਾਲ ਸਿੰਘ, ਏ. ਐੱਸ. ਆਈ. ਬੂਟਾ ਰਾਮ, ਏ. ਐੱਸ. ਆਈ. ਸੁਖਵੰਤ ਸਿੰਘ, ਏ. ਐੱਸ. ਆਈ. ਜਨਕ ਰਾਜ ਸਮੇਤ ਮਹਿਲਾ ਪੁਲਸ ਮੁਲਾਜ਼ਮਾਂ ਨੇ ਉਕਤ ਗੈਸਟ ਹਾਊਸਾਂ ’ਚ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ 2 ਜੋੜਿਆਂ ਨੂੰ ਅਤੇ ਸੋਨੂੰ ਗੈਸਟ ਹਾਊਸ ਦੇ ਮਾਲਕ ਨੂੰ ਕਾਬੂ ਕਰ ਲਿਆ, ਜਦਕਿ ਪੋਪਲੀ ਗੈਸਟ ਹਾਊਸ ਦਾ ਮਾਲਕ ਫਰਾਰ ਹੋ ਗਿਆ। ਪੁਲਸ ਨੇ ਛਾਪੇਮਾਰੀ ਉਪਰੰਤ ਗੈਸਟ ਹਾਊਸ ਨੂੰ ਬੰਦ ਕਰ ਕੇ ਜਿੰਦਰੇ ਲਾ ਦਿੱਤੇ।

ਮੁਲਜ਼ਮਾਂ ਖਿਲਾਫ ਮਾਮਲਾ ਦਰਜ : ਥਾਣਾ ਮੁਖੀ
ਸਿਟੀ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਸੋਨੂੰ ਗੈਸਟ ਹਾਊਸ ’ਚੋਂ ਸਰਬਜੀਤ ਪੁੱਤਰ ਰਾਮ ਲਾਲ, ਸੰਦੀਪ ਵਾਸੀ ਸ਼ੰਕਰ, ਗੁਰਚਰਨ ਪੁੱਤਰ ਜਗਦੀਸ਼ ਅਤੇ ਅਮਨਦੀਪ ਕੌਰ ਸਮੇਤ ਹੋਟਲ ਮਾਲਕ ਪ੍ਰੀਤਮ ਬੱਤਰਾ ਤੇ ਪੋਪਲੀ ਗੈਸਟ ਹਾਊਸ ’ਚੋਂ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਸਰਬਜੀਤ ਅਤੇ ਪੋਪਲੀ ਗੈਸਟ ਹਾਊਸ ਦੇ ਮਾਲਕ ਰਵੀ ਕੁਮਾਰ ਖਿਲਾਫ ਥਾਣਾ ਸਿਟੀ ਨਕੋਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਪੁਲਸ ਨੂੰ ਛਾਪੇਮਾਰੀ ਦੌਰਾਨ ਗੈਸਟ ਹਾਊਸ ’ਚੋਂ ਕੁਝ ਨਹੀਂ ਮਿਲਿਆ।

ਜੋੜਿਆਂ ਤੋਂ ਘੰਟਿਆਂ ਦੇ ਹਿਸਾਬ ਨਾਲ ਕੀਤਾ ਜਾਂਦਾ ਸੀ ਚਾਰਜ
ਸਿਟੀ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਜਾਂਚ ’ਚ ਖੁਲਾਸਾ ਹੋਇਆ ਕਿ ਉਕਤ ਗੈਸਟ ਹਾਊਸ ਮਾਲਕ ਮੌਜ-ਮਸਤੀ ਲਈ ਆਉਣ ਵਾਲੇ ਜੋੜਿਆਂ ਤੋਂ ਕਮਰੇ ਦਾ 1800 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਾਰਜ ਕਰਦੇ ਸਨ।

ਗੈਸਟ ਹਾਊਸ ’ਚ ਸਾਬਕਾ ਮੁਲਾਜ਼ਮ ਦੀ ਸ਼ਹਿ ’ਤੇ ਚੱਲਦਾ ਸੀ ਦੇਹ ਵਪਾਰ ਦਾ ਧੰਦਾ
ਨਕੋਦਰ ਦੇ ਇਕ ਗੈਸਟ ਹਾਊਸ ’ਚ ਸਾਬਕਾ ਸੀ. ਆਈ. ਡੀ. ਮੁਲਾਜ਼ਮ ਦੀ ਸ਼ਹਿ ’ਤੇ ਦੇਹ ਵਪਾਰ ਦੇ ਚੱਲ ਰਹੇ ਧੰਦੇ ਦੀ ਸ਼ਹਿਰ ’ਚ ਖੂਬ ਚਰਚਾ ਹੈ। ਹਰ ਕਿਸੇ ਦੀ ਜ਼ੁਬਾਨ ’ਤੇ ਉਕਤ ਹੋਟਲ ਦੇ ਰੰਗੀਨ ਮਿਜ਼ਾਜੀ ਅਤੇ ਦੇਹ ਵਪਾਰ ਦੇ ਧੰਦੇ ਦੇ ਕਿੱਸੇ ਚੱਲ ਰਹੇ ਹਨ, ਜਿਸ ਕਰਕੇ ਦੂਜੇ ਸ਼ਹਿਰਾਂ ਤੋਂ ਇਸ ਧੰਦੇ ਦੇ ਸ਼ੌਕੀਨ ਲੋਕ ਮੌਜ-ਮਸਤੀ ਕਰਨ ਲਈ ਅਕਸਰ ਉਕਤ ਹੋਟਲ ’ਚ ਆਉਂਦੇ-ਜਾਂਦੇ ਰਹਿੰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਗੈਸਟ ਹਾਊਸ ਦਾ ਮਾਲਕ ਅਤੇ ਸਾਬਕਾ ਸੀ. ਆਈ. ਡੀ. ਮੁਲਾਜ਼ਮ ਵਲੋਂ ਇਸ ਧੰਦੇ ਦੇ ਗਾਹਕਾਂ ਨੂੰ ਪੂਰਾ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਉਹ ਬੇਖੌਫ ਹੋ ਕੇ ਹੋਟਲ ’ਚ ਆਉਣ ਕਿਉਂਕਿ ਇਥੇ ਕਿਸੇ ਤਰ੍ਹਾਂ ਦੀ ਕੋਈ ਹੋਰ ਸਮੱਸਿਆ ਨਹੀਂ ਆਵੇਗੀ। ਇਸ ਕਰ ਕੇ ਇਹ ਧੰਦਾ ਉਕਤ ਗੈਸਟ ਹਾਊਸ ਵਿਚ ਵੱਡੇ ਪੱਧਰ ’ਤੇ ਚੱਲ ਰਿਹਾ ਸੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਉਕਤ ਗੈਸਟ ਹਾਊਸ ਦੇ ਮਾਲਕ ਆਪਣੇ ਰਾਜਨੀਤਿਕ ਆਗੂਆਂ ਦੀ ਸ਼ਹਿ ’ਤੇ ਉਕਤ ਧੰਦੇ ਨੂੰ ਅੰਜਾਮ ਦੇ ਰਹੇ ਹਨ, ਉਥੇ ਹੀ ਪੁਲਸ ਦੇ ਕੁਝ ਮੁਲਾਜ਼ਮਾਂ ਨਾਲ ਵੀ ਪੂਰੀ ਸੈਟਿੰਗ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।

rajwinder kaur

This news is Content Editor rajwinder kaur