ਹੁਣ ਮੁਲਤਾਨੀਆਂ ਦੇ ਗੁਰਦੁਆਰਾ ਸਾਹਿਬ ''ਚ ਹੋਈ ਵਾਰਦਾਤ, ਗੋਲਕ ਚੋਰੀ

02/12/2016 2:41:51 PM

ਬਠਿੰਡਾ (ਬਲਵਿੰਦਰ)— ਪਿੰਡ ਮੁਲਤਾਨੀਆਂ ਦੇ ਗੁਰਦੁਆਰਾ ਸਾਹਿਬ ''ਚੋਂ ਗੋਲਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮੁਲਤਾਨੀਆਂ ਦੇ ਸ਼ਮਸ਼ੇਰ ਸਿੰਘ ਨੇ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਅਣਪਛਾਤੇ ਚੋਰ ਗੁਰਦੁਆਰਾ ਸਾਹਿਬ ''ਚੋਂ ਗੋਲਕ ਚੋਰੀ ਕਰਕੇ ਲੈ ਗਏ। ਪੁਲਸ ਨੇ ਹਮੇਸ਼ਾਂ ਵਾਂਗ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਇਥੇ ਹੀ ਬਸ ਨਹੀਂ ਇਲਾਕੇ ਵਿਚ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਹੋ ਚੁੱਕੀਆਂ ਹਨ ਪਰ ਪੁਲਸ ਅਜੇ ਤਕ ਕਿਸੇ ਵੀ ਦੋਸ਼ੀ ਨੂੰ ਦਬੋਚ ਨਹੀਂ ਸਕੀ ਹੈ। ਜਿਸ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹਨ।
ਪੁਲਸ ਦੀ ਸੁਸਤੀ ''ਤੇ ਚੋਰਾਂ ਦੇ ਹੌਂਸਲੇ ਬੁਲੰਦ
ਪੁਲਸ ''ਤੇ ਸੁਸਤੀ ਇਸ ਕਦਰ ਹਾਵੀ ਹੈ ਕਿ ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਮੁਲਤਾਨੀਆਂ ਪਿੰਡ ਵੱਲ ਹੀ ਪਰਸ ਰਾਮ ਨਗਰ ਦੇ ਗੁਰਦੁਆਰਾ ਸਾਹਿਬ ''ਚੋਂ ਗੋਲਕ ਚੋਰੀ ਹੋਈ ਸੀ, ਜਿਸ ਵਿਚ 50 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਸੀ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਇਸ ਇਲਾਕੇ ਵਿਚ ਸ਼ਿਵ ਮੰਦਰ ''ਚੋਂ ਗੋਲਕ ਤੇ ਹੋਰ ਸਾਮਾਨ ਚੋਰੀ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਚੋਰਾਂ ਨੇ ਹੋਰ ਵੀ ਕਈ ਘਰਾਂ ਦੇ ਤਾਲੇ ਤੋੜੇ ਹਨ ਪਰ ਪੁਲਸ ਦੇ ਪੱਲੇ ''ਚ ਸਿਰਫ ਕੁਝ ਦਰਜ ਕੀਤੇ ਮੁਕੱਦਮੇ ਹੀ ਹਨ।

Gurminder Singh

This news is Content Editor Gurminder Singh