10 ਕਰੋੜ ਦੀ ਟਰਨਓਵਰ ਵਾਲੀ ਆਰ. ਐੱਸ. ਟ੍ਰੇਡਿੰਗ ’ਤੇ GST ਮਹਿਕਮੇ ਦੀ ਛਾਪੇਮਾਰੀ

12/22/2022 1:36:54 PM

ਜਲੰਧਰ (ਪੁਨੀਤ)–ਨਵੇਂ ਸਾਲ ਅਤੇ ਲੋਹੜੀ ਸਮੇਤ ਵਿਆਹਾਂ ਦੇ ਦਿਨ ਚੱਲ ਰਹੇ ਹਨ, ਜਿਸ ਕਾਰਨ ਮਾਰਕੀਟ ਵਿਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਪਰ ਇਸਦੇ ਬਾਵਜੂਦ ਟੈਕਸ ਕੁਲੈਕਸ਼ਨ ਵਿਚ ਉਮੀਦ ਮੁਤਾਬਕ ਵਾਧਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਟੈਕਸ ਵਿਚ ਹੋਣ ਵਾਲੀ ਚੋਰੀ ’ਤੇ ਜੀ. ਐੱਸ. ਟੀ. ਮਹਿਕਮਾ ਸਰਗਰਮ ਨਜ਼ਰ ਆ ਰਿਹਾ ਹੈ ਅਤੇ ਸ਼ੱਕੀ ਇਕਾਈਆਂ ’ਤੇ ਪੈਨੀ ਨਜ਼ਰਾਂ ਰੱਖੀਆਂ ਹੋਈਆਂ ਹਨ। ਇਸ ਕ੍ਰਮ ਵਿਚ ਅੱਜ ਮਹਾਨਗਰ ਵਿਚ 2 ਸਥਾਨਾਂ ’ਤੇ ਛਾਪੇਮਾਰੀ ਕਰਦਿਆਂ ਅਹਿਮ ਦਸਤਾਵੇਜ਼ ਜੁਟਾਏ ਗਏ, ਜਿਸ ਨਾਲ ਮਹਿਕਮੇ ਨੂੰ ਜੁਰਮਾਨੇ ਵਜੋਂ ਰਾਸ਼ੀ ਪ੍ਰਾਪਤ ਹੋਣ ਨਾਲ ਟੈਕਸ ਕੁਲੈਕਸ਼ਨ ਵਧੇਗਾ।

ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ) ਅਜੇ ਕੁਮਾਰ ਵੱਲੋਂ ਅਸਿਸਟੈਂਟ ਕਮਿਸ਼ਨਰ ਜਲੰਧਰ-2 ਸ਼ੁਭੀ ਆਂਗਰਾ ਨੂੰ ਸ਼ੱਕੀ ਇਕਾਈਆਂ ’ਤੇ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸੇ ਕ੍ਰਮ ਵਿਚ ਸ਼ੁਭੀ ਆਂਗਰਾ ਨੇ ਸੀਨੀਅਰ ਅਧਿਕਾਰੀਆਂ ਦੀ ਪ੍ਰਧਾਨਗੀ ਵਿਚ ਦੋ ਟੀਮਾਂ ਦਾ ਗਠਨ ਕਰ ਕੇ 10 ਕਰੋੜ ਤੋਂ ਜ਼ਿਆਦਾ ਦੀ ਟਰਨਓਵਰ ਵਾਲੀ ਮੈਸੇਰਜ਼ ਆਰ. ਐੱਸ. ਟ੍ਰੇਡਿੰਗ, ਰਿੰਪੀ ਸੇਲ ਕਾਰਪੋਰੇਸ਼ਨ ਦੀ ਰੇਕੀ ਸ਼ੁਰੂ ਕਰਵਾਈ। ਆਰ. ਐੱਸ. ਟ੍ਰੇਡਿੰਗ ਬਾਰੇ ਵਿਭਾਗ ਨੂੰ ਜਾਣਕਾਰੀਆਂ ਮਿਲੀਆਂ ਕਿ ਇਹ ਇਕਾਈ ਬਿੱਲ ਬਣਾਉਣ ਵਿਚ ਬੇਨਿਯਮੀਆਂ ਅਪਣਾ ਰਹੀ ਹੈ, ਜਿਸ ਨਾਲ ਵਿਭਾਗ ਨੂੰ ਟੈਕਸ ਵਿਚ ਚੂਨਾ ਲੱਗਣ ਦੀ ਸੰਭਾਵਨਾ ਹੈ। ਟ੍ਰੇਡਿੰਗ ਕਰਨ ਵਾਲੀ ਉਕਤ ਇਕਾਈ ਬਾਹਰੀ ਸੂਬਿਆਂ ਤੋਂ ਮਾਲ ਖਰੀਦ ਕੇ ਉਸ ਨੂੰ ਲੋਕਲ ਮਾਰਕੀਟ ਅਤੇ ਦੂਰ-ਦਰਾਜ ਦੇ ਖੇਤਰਾਂ ਵਿਚ ਸੇਲ ਕਰਦੀ ਹੈ। ਟ੍ਰੇਡਿੰਗ ਦੇ ਇਸ ਕਾਰੋਬਾਰ ਵਿਚ ਆਈ. ਟੀ. ਸੀ. (ਇਨਪੁਟ ਟੈਕਸ ਕ੍ਰੈਡਿਟ) ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਬਣਦੀ ਜੀ. ਐੱਸ. ਟੀ. ਦੀ ਅਦਾਇਗੀ ਨਾ ਹੋਣ ਕਾਰਨ ਇਹ ਇਕਾਈ ਜਾਂਚ ਦੇ ਘੇਰੇ ਵਿਚ ਆਈ ਹੈ।

ਇਹ ਵੀ ਪੜ੍ਹੋ : 'ਆਪ' ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਸੁਖਪਾਲ ਖਹਿਰਾ ਨੇ ਰਾਜਪਾਲ ਨੂੰ ਪੱਤਰ ਲਿਖ ਕੀਤੀ ਇਹ ਮੰਗ

ਉਕਤ ਇਕਾਈ ਵੱਲੋਂ ਕੀਤੇ ਜਾ ਰਹੇ ਕਾਰੋਬਾਰ ਸਬੰਧੀ ਬੇਨਿਯਮੀਆਂ ਅਤੇ ਤੱਥ ਜੁਟਾਉਣ ਤੋਂ ਬਾਅਦ ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਨੇ ਅੱਜ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਗੁਰਜੀਤ ਸਿੰਘ ਦੀ ਪ੍ਰਧਾਨਗੀ ਵਿਚ ਟੀਮ ਨੂੰ ਪੁਲਸ ਫੋਰਸ ਨਾਲ ਰਵਾਨਾ ਕੀਤਾ। ਅੱਧਾ ਦਰਜਨ ਤੋਂ ਜ਼ਿਆਦਾ ਅਧਿਕਾਰੀਆਂ ਨਾਲ ਬਸਤੀ ਨੌ ਦੇ ਗਣੇਸ਼ ਨਗਰ ਪਹੁੰਚੀ ਟੀਮ ਨੇ ਦੁਪਹਿਰ 1 ਵਜੇ ਦੇ ਲਗਭਗ ਮੈਸਰਜ਼ ਆਰ. ਐੱਸ. ਟ੍ਰੇਡਿੰਗ ’ਤੇ ਛਾਪੇਮਾਰੀ ਕਰਦਿਆਂ ਜਾਂਚ ਸ਼ੁਰੂ ਕਰਵਾਈ। ਇਸ ਇਕਾਈ ਦੇ ਪ੍ਰਿੰਸੀਪਲ ਬਿਜ਼ਨੈੱਸ ਪਲੇਸ ਵਾਲੀ ਬਿਲਡਿੰਗ ਵਿਚ ਕਈ ਮੰਜ਼ਿਲਾਂ ’ਤੇ ਕ੍ਰੋਕਰੀ, ਘਰ ਵਿਚ ਵਰਤੋਂ ਹੋਣ ਵਾਲੇ ਸਾਮਾਨ ਦਾ ਕਰੋੜਾਂ ਦਾ ਸਟਾਕ ਪਿਆ ਹੈ। ਇਥੇ ਕਾਗਜ਼ਾਤ ਦੀ ਐਂਟਰੀ ਅਨੁਸਾਰ 4.5 ਕਰੋੜ ਦਾ ਸਟਾਕ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲ ਦੀ ਕੀਮਤ ਜ਼ਿਆਦਾ ਲੱਗ ਰਹੀ ਹੈ। ਵਿਭਾਗ ਨੇ ਡੂੰਘੀ ਛਾਣਬੀਣ ਕਰਦਿਆਂ ਸਟਾਕ ਰਜਿਸਟਰ, ਚਲਾਨ ਬੁੱਕ, ਬਿੱਲਾਂ ਸਮੇਤ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਕਾਈ ਦਾ ਇਕ ਹੋਰ ਗੋਦਾਮ 100-150 ਮੀਟਰ ਦੀ ਦੂਰੀ ’ਤੇ ਸਥਿਤ ਹੈ। ਵਿਭਾਗ ਨੇ ਉਥੇ ਪਏ ਮਾਲ ਦਾ ਰਿਕਾਰਡ ਨੋਟ ਕਰ ਲਿਆ ਹੈ। ਗੁਰਜੀਤ ਸਿੰਘ ਦੀ ਪ੍ਰਧਾਨਗੀ ਵਾਲੀ ਇਸ ਟੀਮ ਵਿਚ ਐੱਸ. ਟੀ. ਓ. ਕੁਲਵਿੰਦਰ ਸਿੰਘ, ਮਨੀਸ਼ ਗੋਇਲ, ਪਰਮਿੰਦਰ ਸਿੰਘ, ਇੰਸ. ਸ਼ਿਵਦਿਆਲ, ਸਿਮਰਨਪ੍ਰੀਤ ਸਿੰਘ, ਇੰਦਰਬੀਰ ਸਿੰਘ ਸਮੇਤ ਸਹਾਇਕ ਸਟਾਫ਼ ਮੌਜੂਦ ਸੀ। ਇਹ ਜਾਂਚ 6 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਚੱਲੀ।

5.5 ਕਰੋੜ ਦੀ ਟਰਨਓਵਰ: ਸੇਲ 'ਚ 1 ਕਰੋੜ ਦੀ ਗਿਰਾਵਟ ’ਤੇ ਰਿੰਪੀ ਕਾਰਪੋਰੇਸ਼ਨ ’ਚ ਮਹਿਕਮੇ ਦਾ ਛਾਪਾ
3 ਘੰਟੇ ਚੱਲੀ ਜਾਂਚ ’ਚ ਟੀਮ ਨੇ ਬਿਲਿੰਗ ਪ੍ਰੋਸੈੱਸ ਨੂੰ ਜਾਂਚਿਆ

ਮੁੰਡਿਆਂ ਦੇ ਸਾਈਂ ਦਾਸ ਸਕੂਲ ਤੋਂ ਮਾਈ ਹੀਰਾਂ ਗੇਟ ਨੂੰ ਜਾਂਦੀ ਸਰਕੁਲਰ ਰੋਡ ’ਤੇ ਸਥਿਤ ਰਿੰਪੀ ਸੇਲ ਕਾਰਪੋਰੇਸ਼ਨ ’ਤੇ ਜੀ. ਐੱਸ. ਟੀ. ਜਲੰਧਰ-2 ਦੀ ਟੀਮ ਨੇ ਛਾਪਾ ਮਾਰਿਆ। ਰਿਕਾਰਡ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕਰਦਿਆਂ ਟੀਮ ਨੇ ਕਾਗਜ਼ਾਤ ਆਦਿ ਕਬਜ਼ੇ ਵਿਚ ਲਏ ਹਨ। ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਵੱਲੋਂ ਇਸ ਇਕਾਈ ਦੇ ਦਸਤਾਵੇਜ਼ ਜਾਂਚੇ ਗਏ ਅਤੇ ਇਸ ਬਾਰੇ ਅਹਿਮ ਜਾਣਕਾਰੀਆਂ ਵਿਭਾਗ ਨੂੰ ਪ੍ਰਾਪਤ ਹੋਈਆਂ। ਇਸ ਇਕਾਈ ਦੀ ਪਿਛਲੇ ਸਾਲ ਦੀ ਟਰਨਓਵਰ 5.5 ਕਰੋੜ ਰੁਪਏ ਤੋਂ ਜ਼ਿਆਦਾ ਰਹੀ, ਜਦਕਿ ਇਸ ਵਿੱਤੀ ਸਾਲ ਵਿਚ ਅਕਤੂਬਰ ਤੱਕ ਦੀ ਸੇਲ ਵਿਚ ਇਕ ਕਰੋੜ ਦਾ ਅੰਤਰ ਦਿਸ ਰਿਹਾ ਹੈ। ਇਸਦੇ ਮੱਦੇਨਜ਼ਰ ਸ਼ੁਭੀ ਆਂਗਰਾ ਵੱਲੋਂ ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਮਨਵੀਰ ਸਿੰਘ ਬੁੱਟਰ, ਜਤਿੰਦਰ ਵਾਲੀਆ ਦੀ ਪ੍ਰਧਾਨਗੀ ਵਿਚ ਟੀਮ ਦਾ ਗਠਨ ਕਰ ਕੇ ਜਾਂਚ ਦੇ ਹੁਕਮ ਦਿੱਤੇ ਗਏ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ, ਇਨ੍ਹਾਂ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ
ਦੁਪਹਿਰ 2 ਵਜੇ ਦੇ ਲਗਭਗ ਪਹੁੰਚੀ ਟੀਮ ਨੇ ਅੰਦਰ ਪਏ ਸਟਾਕ ਨੂੰ ਨੋਟ ਕਰਨਾ ਸ਼ੁਰੂ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਰਿੰਪੀ ਸੇਲ ਕਾਰਪੋਰੇਸ਼ਨ ਵੱਲੋਂ ਆਈ. ਟੀ. ਸੀ. (ਇਨਪੁਟ ਟੈਕਸ ਕ੍ਰੈਡਿਟ) ਵੀ ਕਲੇਮ ਨਹੀਂ ਕੀਤਾ ਜਾ ਰਿਹਾ, ਜੋ ਕਿ ਖਰੀਦ ਦੇ ਰਿਕਾਰਡ ਵਿਚ ਦਿਖਾਈ ਦੇ ਰਿਹਾ ਹੈ। ਰਿੰਪੀ ਇਕ ਨਾਮੀ ਫਰਮ ਹੈ, ਜੋ ਇਲੈਕਟ੍ਰਾਨਿਕ ਸਾਮਾਨ ਦਾ ਕਾਰੋਬਾਰ ਕਰਦੀ ਹੈ। ਇਸ ਫਰਮ ਵਿਚ ਫਾਈਨਾਂਸ ਕੰਪਨੀ ਦੇ ਕਾਊਂਟਰ ਵੀ ਉਪਲੱਬਧ ਹਨ, ਜੋ ਖ਼ਪਤਕਾਰਾਂ ਨੂੰ ਮਹਿੰਗੀਆਂ ਆਈਟਮਾਂ ਫਾਈਨਾਂਸ ਕਰਵਾ ਕੇ ਦਿੰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਸਥਿਤ ਇਸ ਫਰਮ ਵੱਲੋਂ ਘੱਟ ਵਿਕਰੀ ਵਿਖਾਉਣ ਕਾਰਨ ਲੱਭਣ ਲਈ ਜਾਂਚ ਕਰਵਾਈ ਗਈ ਹੈ। ਟੀਮ ਨੇ ਇਸ ਦੌਰਾਨ ਬਿਲਿੰਗ ਪ੍ਰੋਸੈੱਸ ਨੂੰ ਵੀ ਜਾਂਚਿਆ। ਵਿਕਰੀ ਘੱਟ ਹੋਣ ਦੇ ਕਾਰਨਾਂ ਅਤੇ ਬਿੱਲ ਬਣਾਉਣ ਨੂੰ ਲੈ ਕੇ ਅਪਣਾਏ ਜਾ ਰਹੇ ਪ੍ਰੋਸੈੱਸ ’ਤੇ ਵਿਭਾਗ ਨੇ ਡੂੰਘਾਈ ਨਾਲ ਜਾਂਚ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਮਾਲ ਆਇਆ ਹੈ, ਉਸਦੀ ਇਨਵਾਇਸ ਨੂੰ ਰਜਿਸਟਰ ਅਤੇ ਚਲਾਨ ਬੁੱਕ ਦੇ ਨਾਲ ਟੈਲੀ ਕਰਕੇ ਸੱਚਾਈ ਦਾ ਪਤਾ ਲਗਾਇਆ ਜਾਵੇਗਾ। ਇਸ ਵਿਚ ਦੋਸ਼ੀ ਪਾਏ ਜਾਣ ’ਤੇ ਇਕਾਈ ਨੂੰ ਬਣਦਾ ਜੁਰਮਾਨਾ ਕੀਤਾ ਜਾਵੇਗਾ। 3 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਇਸ ਜਾਂਚ ਟੀਮ ਵਿਚ ਐੱਸ. ਟੀ. ਓ. ਕਸ਼ਮੀਰ ਸਿੰਘ, ਯੋਗੇਸ਼ ਮਿੱਤਲ ਸਮੇਤ ਕਈ ਅਧਿਕਾਰੀਆਂ ਨੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਦੇ ਬਾਅਦ ਤੱਕ ਅੰਦਰ ਪਏ ਸਟਾਕ ਨੂੰ ਨੋਟ ਕੀਤਾ।

ਆਰ. ਐੱਸ. ਟ੍ਰੇਡਿੰਗ ਵਿਚ ਵਧਾਈ ਗਈ ਸਟਾਫ ਦੀ ਪ੍ਰੇਸ਼ਾਨੀ, ਨਹੀਂ ਲਗਾਇਆ ਬੋਰਡ
ਆਰ. ਐੱਸ. ਟ੍ਰੇਡਿੰਗ ਕੰਪਨੀ ਦੇ 4 ਪਾਰਟਨਰ ਦੱਸੇ ਗਏ ਹਨ। ਇਨ੍ਹਾਂ ਵਿਚ ਸੁਨੀਲ ਕਤਿਆਲ ਅਤੇ ਉਨ੍ਹਾਂ ਦੇ ਭਰਾ ਸਮੇਤ ਦੋਵਾਂ ਦੀਆਂ ਪਤਨੀਆਂ ਹਿੱਸੇਦਾਰ ਹਨ। ਟੀਮ ਵੱਲੋਂ ਜਦੋਂ ਛਾਪਾ ਮਾਰਿਆ ਗਿਆ ਤਾਂ ਉਸ ਸਮੇਂ ਸਿਰਫ਼ ਇਕ ਪਾਰਟਨਰ ਸੁਨੀਲ ਕਤਿਆਲ ਮੌਜੂਦ ਸੀ। ਟੀਮ ਨੇ 3 ਘੰਟਿਆਂ ਦਾ ਸਮਾਂ ਲਗਾ ਕੇ ਰਿਕਾਰਡ ਨੂੰ ਨੋਟ ਕਰ ਲਿਆ ਸੀ। ਜਦੋਂ ਦੂਸਰਾ ਪਾਰਟਨਰ ਮੌਕੇ ’ਤੇ ਆਇਆ ਤਾਂ ਉਸਨੇ ਟੀਮ ਦੇ ਰਿਕਾਰਡ ਜਾਂਚਣ ਤੋਂ ਅਸੰਤੁਸ਼ਟੀ ਜਤਾਈ। ਇਸ ਤੋਂ ਬਾਅਦ ਟੀਮ ਨੂੰ ਦੁਬਾਰਾ 3 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਲਗਾ ਕੇ ਰਿਕਾਰਡ ਨੋਟ ਕਰਨਾ ਪਿਆ। ਇਸ ਪੂਰੇ ਘਟਨਾਕ੍ਰਮ ਵਿਚ ਵਿਭਾਗੀ ਟੀਮ ਨੂੰ ਪ੍ਰੇਸ਼ਾਨ ਕਰਨਾ ਸਾਫ ਤੌਰ ’ਤੇ ਉਜਾਗਰ ਹੋਇਆ ਹੈ ਕਿਉਂਕਿ ਟੀਮ ਨੇ ਇਕ ਪਾਰਟਨਰ ਦੀ ਮੌਜੂਦਗੀ ਵਿਚ ਰਿਕਾਰਡ ਨੂੰ ਜਾਂਚਿਆ ਅਤੇ ਨੋਟ ਕੀਤਾ ਸੀ। ਉਥੇ ਹੀ, ਅਧਿਕਾਰੀਆਂ ਨੇ ਦੱਸਿਆ ਕਿ ਉਕਤ ਇਕਾਈ ਵੱਲੋਂ ਜੀ. ਐੱਸ. ਟੀ. ਨੰਬਰ ਵਾਲਾ ਬੋਰਡ ਵੀ ਨਹੀਂ ਲਗਾਇਆ ਗਿਆ ਸੀ। ਇਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ: ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri