ਰਿਸ਼ਤੇ ''ਚ ਲੱਗਦੇ ਦੋਹਤੇ ਨੇ ਦੋਸਤਾਂ ਨਾਲ ਮਿਲ ਨਾਨੀ ਨਾਲ ਕੀਤਾ ਗੈਂਗਰੇਪ, ਫਿਰ ਕੀਤਾ ਕਤਲ

12/03/2019 6:50:59 PM

ਖਨੌਰੀ (ਹਰਜੀਤ) : ਸ਼ਹਿਰ ਦੇ ਇਕ ਇਲਾਕੇ 'ਚ ਬੀਤੇ ਦਿਨੀਂ ਹੋਏ 65 ਸਾਲਾ ਬਜ਼ੁਰਗ ਵਿਧਵਾ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਖਨੌਰੀ ਪੁਲਸ ਵੱਲੋਂ ਸੁਲਝਾ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਘਟਨਾ ਦਾ ਮਾਸਟਰਮਾਈਂਡ ਮ੍ਰਿਤਕ ਬਜ਼ੁਰਗ ਔਰਤ ਦਾ ਰਿਸ਼ਤੇਦਾਰ ਹੈ। ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋ ਬਾਲਗ ਮੁਲਜ਼ਮਾਂ ਨੂੰ ਮੂਨਕ ਕੋਰਟ ਵਿਖੇ ਜਦਕਿ ਇਕ ਨਾਬਾਲਗ ਦੋਸ਼ੀ ਨੂੰ ਜੁਵੈਨਾਇਲ ਕੋਰਟ ਸੰਗਰੂਰ ਵਿਖੇ ਪੇਸ਼ ਕੀਤਾ ਗਿਆ ਜਦਕਿ ਵਾਰਦਾਤ ਦਾ ਮਾਸਟਰਮਾਇੰਡ ਸਾਗਰ ਵੀ ਪੁਲਸ ਵੱਲੋਂ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਗਿਆ।

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਸ ਮੂਨਕ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਵਾਰਦਾਤ ਦਾ ਮਾਸਟਰਮਾਈਂਡ ਮੁਲਜ਼ਮ ਸਾਗਰ ਪੁੱਤਰ ਲਾਲੀ ਮ੍ਰਿਤਕਾ ਦੇ ਭਰਾ ਅਮਰਨਾਥ ਦਾ ਦੋਹਤਾ ਲੱਗਦਾ ਹੈ ਅਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ, ਜਿਸ ਦੇ ਚਲਦਿਆਂ ਉਸ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਡੀ. ਐੱਸ. ਪੀ. ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਸਾਗਰ ਪੁੱਤਰ ਲਾਲੀ (18), ਗੁਰਪ੍ਰੀਤ ਸਿੰਘ ਉਰਫ਼ ਗੋਰੂ ਪੁੱਤਰ ਗੁਰਨਾਮ ਸਿੰਘ (17), ਬਿੱਟੂ ਰਾਮ ਉਰਫ਼ ਬੰਟੀ ਪੁੱਤਰ ਮਹਿੰਦਰਪਾਲ (20), ਵਰਿੰਦਰ ਉਰਫ਼ ਗਿੰਦੂ ਪੁੱਤਰ ਰਾਜੂ (20) ਸਾਰੇ ਵਾਸੀਅਨ ਸ਼ੁਤਰਾਣਾ ਤਹਿਸੀਲ ਅਤੇ ਥਾਣਾ ਪਾਤੜਾਂ, ਜ਼ਿਲਾ ਪਟਿਆਲਾ ਚਾਰੇ ਜਣੇ ਸਾਗਰ ਦੇ ਪਲਾਟੀਨਾ ਮੋਟਰਸਾਈਕਲ 'ਤੇ ਖਨੌਰੀ ਆਏ ਅਤੇ ਇੱਥੇ ਇਨ੍ਹਾਂ ਸ਼ਰਾਬ ਪੀਤੀ ਅਤੇ ਇਸੇ ਦੌਰਾਨ ਸਾਗਰ ਨੇ ਬਾਕੀ ਸਾਰੇ ਮੁਲਜ਼ਮਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਅਤੇ ਆਪਣਾ ਮੋਟਰਸਾਈਕਲ ਘੱਗਰ ਦਰਿਆ 'ਤੇ ਪੁਲ ਦੇ ਹੇਠਾਂ ਖੜ੍ਹਾ ਕਰ ਕੇ ਮੋਟਰਸਾਈਕਲ ਦੀ ਰਾਖੀ ਲਈ ਵਰਿੰਦਰ ਉਰਫ਼ ਗਿੰਦੂ ਨੂੰ ਉੱਥੇ ਛੱਡ ਆਏ।

ਉਨ੍ਹਾਂ ਦੱਸਿਆ ਕਿ ਤਿੰਨੇ ਮੁਲਜ਼ਮ ਸਾਗਰ, ਗੁਰਪ੍ਰੀਤ ਉਰਫ਼ ਗੋਰੂ ਅਤੇ ਬਿੱਟੂ ਰਾਮ ਉਰਫ਼ ਬੰਟੀ ਕਰੀਬ 9 ਵਜੇ ਰਾਤ ਦੇ ਸਮੇਂ ਬਜ਼ੁਰਗ ਦੇ ਘਰ ਆਏ ਅਤੇ ਸਾਗਰ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਆਵਾਜ਼ ਦੀ ਪਛਾਣ ਕਰਨ 'ਤੇ ਬਜ਼ੁਰਗ ਔਰਤ ਨੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਇਨ੍ਹਾਂ ਨੇ ਘਰ ਦੇ ਅੰਦਰ ਦਾਖਲ ਹੁੰਦਿਆਂ ਦੀ ਉਸਦੇ ਗੱਲ 'ਚ ਸਾਫ਼ਾ ਪਾ ਲਿਆ ਅਤੇ ਮੂੰਹ ਬੰਦ ਕਰ ਕੇ ਅੰਦਰ ਲੈ ਗਏ ਅਤੇ ਅੰਦਰੋਂ ਘਰ ਦਾ ਦਰਵਾਜ਼ਾ ਬੰਦ ਕਰ ਲਿਆ । ਇਸ ਦੌਰਾਨ ਗੁਰਪ੍ਰੀਤ ਉਰਫ਼ ਗੋਰੂ ਨੇ ਵਿਧਵਾ ਬਜ਼ੁਰਗ ਔਰਤ ਦੇ ਸਿਰ 'ਚ ਹੱਥ ਵਿਚ ਪਾਇਆ ਕੜਾ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਈ ਅਤੇ ਇਹ ਉਸਨੂੰ ਖਿੱਚ ਕੇ ਕਮਰੇ 'ਚ ਲੈ ਗਏ ਜਿੱਥੇ ਇਨ੍ਹਾਂ ਨੇ ਜ਼ਖਮੀ ਹਾਲਤ 'ਚ ਪਈ ਉਕਤ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੇ ਮੂੰਹ 'ਤੇ ਸਿਰਹਾਣਾ ਰੱਖ ਕੇ ਉਸ ਦਾ ਸਾਹ ਬੰਦ ਕਰ ਦਿੱਤਾ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਇਸ ਮਗਰੋਂ ਇਨ੍ਹਾਂ ਨੇ ਮ੍ਰਿਤਕਾ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ, ਉਸ ਦਾ ਕੋਕਾ, ਹੱਥ ਵਿਚ ਪਾਈ ਛਾਪ ਅਤੇ ਉਸਦਾ ਮੋਬਾਇਲ ਉੱਥੋਂ ਚੁੱਕ ਲਿਆ।

ਉਨ੍ਹਾਂ ਦੱਸਿਆ ਕਿ ਅਲਮਾਰੀ ਦਾ ਲਾਕਰ ਤੋੜਨ 'ਤੇ ਖੜਕਾ ਨਾ ਹੋਵੇ ਇਸ ਲਈ ਘਰ 'ਚ ਪਿਆ ਬਾਕੀ ਸੋਨਾ ਅਤੇ ਨਕਦੀ ਦੀ ਲੁੱਟ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਉਰਫ਼ ਗੋਰੂ ਨੇ ਲੁੱਟੇ ਹੋਏ ਮੋਬਾਇਲ ਵਿਚ ਸਿਮ ਕਾਰਡ ਪਾ ਲਿਆ ਅਤੇ ਪੁਲਸ ਵੱਲੋਂ ਤਕਨੀਕੀ ਪਹਿਲੂਆਂ ਤੋਂ ਕੀਤੀ ਜਾਂਚ ਦੌਰਾਨ ਜਾਂਚ ਸਹੀ ਦਿਸ਼ਾ ਵਿਚ ਚੱਲ ਪਈ ਅਤੇ ਸਾਰੇ ਦੋਸ਼ੀ ਪੁਲਸ ਵੱਲੋਂ ਕਾਬੂ ਕਰ ਲਏ ਗਏ ਅਤੇ ਦੋਸ਼ੀਆਂ ਤੋਂ ਲੁੱਟੇ ਹੋਏ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ। ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਥਾਣਾ ਖਨੌਰੀ ਵਿਖੇ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਅੱਜ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Gurminder Singh

This news is Content Editor Gurminder Singh