ਨਾਬਾਲਗ ਪੋਤੇ ਨੇ ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ, ਬਜ਼ੁਰਗ ਦਾਦਾ-ਦਾਦੀ ਨੂੰ ਕਮਰੇ ''ਚ ਡੱਕ ਕੁਹਾੜੀ ਨਾਲ ਵੱਢਿਆ

10/28/2021 9:59:01 AM

ਸਮਰਾਲਾ (ਗਰਗ, ਬੰਗੜ) : ਇੱਥੋਂ ਦੇ ਨੇੜਲੇ ਪਿੰਡ ਲੱਲ ਕਲਾਂ ਵਿਖੇ ਖੂਨ ਦੇ ਰਿਸ਼ਤੇ ਉਸ ਵੇਲੇ ਪਾਣੀ ਹੋ ਗਏ, ਜਦੋਂ ਇੱਕ ਕਲਯੁੱਗੀ ਨਾਬਾਲਗ ਪੋਤੇ ਨੇ ਘਰੇਲੂ ਵੰਡ ਨੂੰ ਲੈ ਕੇ ਚੱਲਦੇ ਝਗੜੇ ਕਾਰਨ ਆਪਣੇ ਬਜ਼ੁਰਗ ਦਾਦਾ-ਦਾਦੀ ਨੂੰ ਕੁਹਾੜੀ ਨਾਲ ਅਣਗਿਣਤ ਵਾਰ ਕਰਕੇ ਬੜੀ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪਤਾ ਲੱਗਾ ਹੈ ਕਿ ਇਹ ਝਗੜਾ ਸਿਰਫ ਘਰ ਦੀ ਡੇਢ ਮਰਲਾ ਜ਼ਮੀਨ ਦੇ ਟੁਕੜੇ ਲਈ ਸੀ ਅਤੇ ਪੋਤੇ ਨੂੰ ਇਸ ਗੱਲ ਦਾ ਹਰਖ਼ ਸੀ ਕਿ ਉਸ ਦੇ ਦਾਦਾ-ਦਾਦੀ ਉਨ੍ਹਾਂ ਦੇ ਹਿੱਸੇ ਵਿੱਚ ਆਉਂਦੀ ਜ਼ਮੀਨ ਉਨ੍ਹਾਂ ਨੂੰ ਨਹੀਂ ਦੇ ਰਹੇ। ਜਿਸ ਵੇਲੇ ਇਹ ਨਾਬਾਲਗ ਪੋਤਾ ਇਸ ਬਜ਼ੁਰਗ ਜੋੜੇ ਨੂੰ ਕਤਲ ਕਰ ਰਿਹਾ ਸੀ ਤਾਂ ਉਨ੍ਹਾਂ ਦੀ ਦੂਰ-ਦੂਰ ਤੱਕ ਸੁਣਾਈ ਦੇ ਰਹੀ ਕੁਰਲਾਹਟ ਸੁਣ ਕੇ ਵੀ ਗੁਆਂਢ ਤੋਂ ਕੋਈ ਮਦਦ ਲਈ ਨੇੜੇ ਨਹੀਂ ਆਇਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ 'ਚ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, 3 ਦੀ ਮੌਤ

ਵਹਿਸ਼ੀ ਬਣਿਆ ਕਥਿਤ ਕਾਤਲ ਵਾਰ-ਵਾਰ ਧਮਕੀਆਂ ਦਿੰਦਾ ਰਿਹਾ ਕਿ ਜੇਕਰ ਕੋਈ ਵੀ ਉਸ ਦੇ ਨੇੜੇ ਆਇਆ ਤਾਂ ਉਹ ਉਸ ਦਾ ਵੀ ਉਹੀ ਹਸ਼ਰ ਕਰੇਗਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੀਲੋਂ ਪੁਲ ਨੇੜੇ ਪਿੰਡ ਲੱਲ ਕਲਾਂ ਦੀ ਇਸ ਕਾਲੋਨੀ ਵਿੱਚ ਰਹਿੰਦੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ (17) ਨੇ ਆਪਣੇ ਜੱਦੀ ਘਰ ਗੇੜਾ ਮਾਰਨ ਆਏ ਦਾਦਾ ਦਰਸ਼ਨ ਸਿੰਘ (72) ਤੇ ਦਾਦੀ ਸੁਰਿੰਦਰ ਕੌਰ (70) ਨੂੰ ਕੁਹਾੜੀ ਦੇ ਅਣਗਿਣਤ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਮੋਹਾਲੀ ਦੇ ਫੇਜ਼-7 ਲਾਈਟ ਪੁਆਇੰਟ ਨੇੜੇ ਖ਼ੌਫ਼ਨਾਕ ਵਾਰਦਾਤ, ਨੌਜਵਾਨ ਨੂੰ ਗੋਲੀ ਮਾਰ ਲੁਟੇਰਿਆਂ ਨੇ ਖੋਹੀ ਕਾਰ

ਇਸ ਮੌਕੇ ਘਟਨਾ ਸਥਾਨ ’ਤੇ ਇੱਕਤਰ ਹੋਏ ਲੋਕਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਇਹ ਕਾਰਾ ਕਰਨ ਤੋਂ ਪਹਿਲਾ ਘਰ ਦਾ ਮੁੱਖ ਗੇਟ ਅਤੇ ਕਮਰੇ ਦਾ ਦਰਵਾਜ਼ਾ ਵੀ ਅੰਦਰੋਂ ਬੰਦ ਕਰ ਲਿਆ ਅਤੇ ਉਸ ਨੇ ਆਪਣੇ ਦੋਵੇਂ ਬਜ਼ੁਰਗ ਦਾਦਾ-ਦਾਦੀ ਨੂੰ ਅੰਦਰ ਡੱਕ ਕੇ ਉਨ੍ਹਾਂ ਦੇ ਸਿਰ ਅਤੇ ਚਿਹਰੇ 'ਤੇ ਕੁਹਾੜੀ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹ ਨਾਬਾਲਗ ਮੁੰਡਾ ਇਸ ਕਦਰ ਤੱਕ ਪਾਗਲ ਹੋਇਆ ਪਿਆ ਸੀ ਕਿ ਜਦੋਂ ਤੱਕ ਬਜ਼ੁਰਗ ਜੋੜੇ ਨੇ ਪ੍ਰਾਣ ਨਹੀਂ ਤਿਆਗੇ, ਉਹ ਲਗਾਤਾਰ ਉਨ੍ਹਾਂ ’ਤੇ ਕੁਹਾੜੀ ਦੇ ਵਾਰ ਕਰਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 3 IPS ਅਧਿਕਾਰੀਆਂ ਸਮੇਤ 90 ਡੀ. ਐੱਸ. ਪੀਜ਼ ਦਾ ਤਬਾਦਲਾ

ਘਟਨਾ ਦੀ ਜਾਣਕਾਰੀ ਮਿਲਣ ’ਤੇ ਸਥਾਨਕ ਡੀ. ਐੱਸ. ਪੀ. ਹਰਿੰਦਰ ਸਿੰਘ ਖਹਿਰਾ ਅਤੇ ਐੱਸ. ਐੱਚ. ਓ. ਕੁਲਵੰਤ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਅਤੇ ਪੁਲਸ ਨੂੰ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਵਾਰਦਾਤ ਵੇਲੇ ਉਕਤ ਮੁੰਡਾ ਘਰ ਵਿੱਚ ਇੱਕਲਾ ਹੀ ਸੀ। ਉਸ ਦੇ ਹੋਰ ਪਰਿਵਾਰਕ ਮੈਂਬਰ ਆਪਣੇ-ਆਪਣੇ ਕੰਮ-ਕਾਜ ’ਤੇ ਬਾਹਰ ਗਏ ਹੋਏ ਸਨ। ਪੁਲਸ ਨੇ ਕਾਰਵਾਈ ਕਰਦੇ ਹੋਏ ਖੂਨ ਨਾਲ ਲੱਥਪਥ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita