ਮਾਮਲਾ ਜੇਲ ’ਚ ਹੋਈ ਗ੍ਰੈਂਡ ਬਰਥ-ਡੇਅ ਪਾਰਟੀ ਦਾ : ਜਲਦ ਹੋ ਸਕਦੀ ਹੈ ਵੱਡੀ ਵਿਭਾਗੀ ਕਾਰਵਾਈ

01/05/2024 2:38:45 PM

ਲੁਧਿਆਣਾ (ਸਿਆਲ) : ਕੇਂਦਰੀ ਜੇਲ੍ਹ ਲੁਧਿਆਣਾ ਦਾ ਪ੍ਰਸ਼ਾਸਨ ਲਾਪਰਵਾਹੀਆਂ ਵਰਤਣ ਕਾਰਨ ਅਕਸਰ ਚਰਚਾ ’ਚ ਰਹਿੰਦਾ ਹੈ, ਜਦੋਂਕਿ ਲੱਖਾਂ ਰੁਪਏ ਖ਼ਰਚ ਕੇ ਵੀ ਸੂਬਾ ਸਰਕਾਰ ਨੂੰ ਜੇਲ੍ਹ ਅਧਿਕਾਰੀਆਂ ਦੀਆਂ ਕਥਿਤ ਲਾਪਰਵਾਹੀਆਂ ਕਾਰਨ ਜਨਤਾ ’ਚ ਕਿਰਕਿਰੀ ਕਰਵਾਉਣੀ ਪੈਂਦੀ ਹੈ। ਤਾਜ਼ਾ ਮਾਮਲੇ ’ਚ ਵੀ ਕੁਝ ਅਜਿਹਾ ਹੀ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਸੈਂਟਰਲ ਜੇਲ੍ਹ ਦੀ ਕਿਸੇ ਬੈਰਕ ’ਚ ਪਾਰਟੀ ਕਰਦੇ ਦਿਸ ਰਹੇ ਅਤੇ ਗਿਲਾਸ ਚੁੱਕ ਕੇ ਚੀਅਰਸ ਕਰਦੇ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਹੱਥ ਹਿਲਾ ਕੇ ਸਵਾਗਤ ਕਰ ਰਹੇ ਕੁਝ ਕੈਦੀ/ਹਵਾਲਾਤੀ ਸ਼ਾਇਦ ਇਹ ਦੱਸਣ ਦਾ ਯਤਨ ਕਰ ਰਹੇ ਹਨ ਕਿ ਜੇਲ੍ਹ ਦੀਆਂ ਕੰਧਾਂ ਅਤੇ ਚੌਕਸੀ ਵੀ ਉਨ੍ਹਾਂ ਦੇ ਮਨੋਰੰਜਨ ’ਚ ਕੋਈ ਅੜਿੱਕਾ ਨਹੀਂ ਪਾ ਸਕਦੇ। ਦੂਜੇ ਪਾਸੇ ਇਹ ਮਾਮਲਾ ‘ਜਗ ਬਾਣੀ’ ’ਚ ਅੱਜ ਪ੍ਰਮੁੱਖਤਾ ਨਾਲ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ’ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ ਅਤੇ ਜਲਦ ਹੀ ਕੋਈ ਵੱਡੀ ਵਿਭਾਗੀ ਕਾਰਵਾਈ ਸਾਹਮਣੇ ਆ ਸਕਦੀ ਹੈ ਅਤੇ ਅਧਿਕਾਰੀਆਂ ਦੀ ਖਿਚਾਈ ਹੋ ਸਕਦੀ ਹੈ।
ਜੇਲ ਦੀਆਂ ਸਲਾਖਾਂ ਗੈਂਗਸਟਰਾਂ ਤੇ ਖ਼ਤਰਨਾਕ ਅਪਰਾਧੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਸਮਰੱਥ ਨਹੀਂ
ਦੂਜੇ ਪਾਸੇ ਚਰਚਾ ਛਿੜੀ ਹੈ ਕਿ ਕੁਝ ਵਿਰੋਧੀ ਪਾਰਟੀਆਂ ਵੀ ਜੇਲ ’ਚ ਚੱਲ ਰਹੀਆਂ ਕਥਿਤ ਲਾਪ੍ਰਵਾਹੀਆਂ ਦੇ ਮੁੱਦੇ ’ਤੇ ਸੂਬਾ ਸਰਕਾਰ ਨੂੰ ਘੇਰ ਸਕਦੀਆਂ ਹਨ ਕਿਉਂਕਿ ਜੇਲ੍ਹਾਂ ’ਚ ਕਈ ਗੈਂਗਸਟਰ ਅਤੇ ਖ਼ਤਰਨਾਕ ਅਪਰਾਧੀ ਵੀ ਬੰਦ ਹਨ, ਜਿਨ੍ਹਾਂ ਨੂੰ ਸੁਧਾਰਨ ਦੇ ਨਾਂ ’ਤੇ ਜੇਲ੍ਹਾਂ ’ਚ ਬੰਦ ਕੀਤਾ ਗਿਆ ਹੈ ਪਰ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਕਿਸੇ ਤਰ੍ਹਾਂ ਦੀ ਰੋਕ ਲਗਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਇਸ ਵੀਡੀਓ ’ਚ ਕਿਸੇ ਦੇ ਚਿਹਰੇ ’ਤੇ ਪਛਤਾਵਾ ਝਲਕਣ ਦੀ ਬ ਜਾਏ ਉਹ ਪਾਰਟੀ ਦੇ ਮੂਡ ’ਚ ਦਿਸ ਰਹੇ ਹਨ। ਹੁਣ ਅਜਿਹੇ ’ਚ ਸੱਤਾਧਾਰੀ ਸਰਕਾਰ ਇਸ ਮੁੱਦੇ ’ਤੇ ਕਿੰਨੀ ਜਲਦੀ ਵੱਡਾ ਐਕਸ਼ਨ ਲੈਂਦੀ ਹੈ, ਇਹ ਵੀ ਚਰਚਾ ਦਾ ਵਿਸ਼ਾ ਹੈ।
 

Babita

This news is Content Editor Babita