ਵਿਭਾਗਾਂ ਦੀ ਦਖਲ-ਅੰਦਾਜ਼ੀ ਵਿਰੁੱਧ ਨਿੱਤਰੇ ਸੂਬੇ ਭਰ ਦੇ ਪੰਚਾਇਤ ਸੈਕਟਰੀ ਤੇ ਗ੍ਰਾਮ ਸੇਵਕ

Friday, Oct 06, 2017 - 11:29 AM (IST)

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਪੰਚਾਇਤ ਵਿਭਾਗ 'ਚ ਵਿਜੀਲੈਂਸ ਸਮੇਤ ਹੋਰ ਵਿਭਾਗਾਂ ਵੱਲੋਂ ਸ਼ੁਰੂ ਕੀਤੀ ਜਾ ਰਹੀ ਪੜਤਾਲ ਵਿਰੁੱਧ ਸੂਬੇ ਭਰ ਦੇ ਪੰਚਾਇਤ ਸੈਕਟਰੀ ਅਤੇ ਗ੍ਰਾਮ ਸੇਵਕ ਨਿੱਤਰ ਆਏ ਹਨ। ਦੋਵਾਂ ਜਥੇਬੰਦੀਆਂ ਨੇ ਅੱਜ ਮੋਗਾ ਵਿਖੇ ਪੰਚਾਇਤ ਸੈਕਟਰੀ ਯੂਨੀਅਨ ਦੇ ਸੂਬਾ ਕਨਵੀਨਰ ਸੰਜੀਵ ਕੁਮਾਰ ਅਤੇ ਗ੍ਰਾਮ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਸਤਵਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸੂਬਾ ਪੱਧਰੀ ਮੀਟਿੰਗ ਕਰ ਕੇ ਫੈਸਲਾ ਕੀਤਾ ਕਿ ਜੇਕਰ ਵਿਜੀਲੈਂਸ ਤੇ ਹੋਰ ਵਿਭਾਗਾਂ ਦੀ ਬੇਲੋੜੀ ਦਖਲ-ਅੰਦਾਜ਼ੀ ਨੂੰ ਸਰਕਾਰ ਨੇ ਬੰਦ ਨਾ ਕਰਵਾਇਆ ਤਾਂ ਸੂਬਾ ਪੱਧਰ ਤੋਂ ਇਲਾਵਾ ਅਤੇ ਜ਼ਿਲਾ ਅਤੇ ਬਲਾਕ ਪੱਧਰੀ 'ਤੇ ਲੜੀਵਾਰ ਸੰਘਰਸ਼ ਵਿੱਢਣ ਗੁਰੇਜ਼ ਨਹੀਂ ਕੀਤਾ ਜਾਵੇਗਾ ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਇਸ ਮਾਮਲੇ ਸਬੰਧੀ ਜਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਅਤੇ ਉਸ ਮਗਰੋਂ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ । 
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਬਲਜੀਤ ਸਿੰਘ ਬੱਗਾ ਤਖਤੂਪੁਰਾ ਬਠਿੰਡਾ, ਸੁਖਜੀਵਨ ਸਿੰਘ ਰੌਂਤਾ, ਸੁਖਵੀਰ ਸਿੰਘ ਡਾਲਾ, ਦਵਿੰਦਰਪਾਲ ਸਿੰਘ ਨੰਗਲ, ਬੂਟਾ ਸਿੰਘ ਜਹਾਵਰ ਸਿੰਘ ਵਾਲਾ ਨੇ ਕਿਹਾ ਕਿ ਸੂਬਾਈ ਜਥੇਬੰਦੀ, ਜੋ ਵੀ ਸੰਘਰਸ਼ ਦੀ ਰਣਨੀਤੀ ਬਣਾਏਗੀ, ਪੰਜਾਬ ਭਰ ਦੇ ਸਮੁੱਚੇ ਜ਼ਿਲਿਆਂ ਸਬੰਧਿਤ ਆਗੂ ਉਸ 'ਚ ਵਧ-ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਸੂਬੇ 'ਚ ਸਰਕਾਰ ਬਦਲਦੀ ਹੈ ਤਾਂ ਸਭ ਤੋਂ ਵੱਧ ਪੰਚਾਇਤੀ ਕਾਮਿਆਂ ਅਤੇ ਪੰਚਾਇਤਾਂ ਨੂੰ ਪ੍ਰੇਸ਼ਾਨ ਕਰਦੇ ਹਨ ।
ਇਸ ਸਮੇਂ ਨਿਰਮਲ ਸਿੰਘ ਜ਼ਿਲਾ ਪ੍ਰਧਾਨ ਰੋਪੜ, ਬਲਜੀਤ ਸਿੰਘ ਬੱਗਾ ਬਠਿੰਡਾ, ਦਲਜੀਤ ਸਿੰਘ ਹਿੰਮਤਪੁਰਾ ਤੋਂ ਇਲਾਵਾ ਸੂਬੇ ਭਰ ਤੋਂ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ।


Related News