ਗ੍ਰਾਮ ਪੰਚਾਇਤਾਂ ਨੂੰ ਮਹੀਨੇ ''ਚ 50000 ਰੁਪਏ ਖਰਚ ਕਰਨ ਦੇ ਦਿੱਤੇ ਅਧਿਕਾਰ : ਤ੍ਰਿਪਤ ਬਾਜਵਾ

04/05/2020 10:13:37 PM

ਮਾਨਸਾ, (ਮਿੱਤਲ)- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਣ ਪੈਦਾ ਹੋਈ ਸਥਿਤੀ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਦਿਨ-ਰਾਤ ਇਕ ਕਰ ਕੇ ਇਸ ਮਿਸ਼ਨ ਵਿਚ ਜੁਟੇ ਹੋਏ ਹਨ। ਮੰਤਰੀ ਤ੍ਰਿਪਤ ਬਾਜਵਾ ਨੇ ਦੱਸਿਆ ਕਿ ਪਿੰਡਾਂ ਵਿਚ ਸਮਾਜਕ ਦੂਰੀਆਂ ਬਣਾਈ ਰੱਖਣ ਸਬੰਧੀ ਉਪਾਅ, ਸਰਪੰਚਾਂ ਨੂੰ ਆਪਣੇ ਸਰੋਤਾਂ ਦੀ ਵਰਤੋਂ ਕਰ ਕੇ ਗਰੀਬਾਂ ਨੂੰ ਭੋਜਨ ਅਤੇ ਦਵਾਈ ਮੁਹੱਈਆ ਕਰਾਉਣ ਦਾ ਅਧਿਕਾਰ, ਸਰਪੰਚਾਂ ਨੂੰ ਐਮਰਜੈਂਸੀ ਵਿਚ ਕਰਫਿਊ ਪਾਸ ਜਾਰੀ ਕਰਨ ਲਈ ਦਿੱਤੀ ਗਈ ਪਾਵਰ, ਕੋਵਿਡ-19 ਬਾਰੇ ਜਾਗਰੂਕਤਾ ਸਬੰਧੀ ਲਿਟਰੇਚਰ, ਪਿੰਡਾਂ ਵਿਚ ਲੋਕਾਂ ਤਕ ਪਹੁੰਚਾਉਣ, ਪੇਂਡੂ ਖੇਤਰਾਂ ਵਿਚ ਸਵੈ-ਸਹਾਇਤਾ ਗਰੁੱਪ ਦੁਆਰਾ ਮਾਸਕ ਤਿਆਰ ਕਰਨਾ ਅਤੇ ਸੈਨੀਟਾਈਜ਼ੇਸ਼ਨ ਆਦਿ ਦੀ ਜ਼ਿੰਮੇਵਾਰੀ ਪੇਂਡੂ ਵਿਕਾਸ ਵਿਭਾਗ ਨੂੰ ਸੌਂਪੇ ਗਏ ਹਨ। ਉਨ੍ਹਾ ਦੱਸਿਆ ਕਿ ਉਨ੍ਹਾਂ ਨੂੰ ਵਿਭਾਗ ਦੀ ਸਕੱਤਰ ਸ਼੍ਰੀਮਤੀ ਸੀਮਾ ਜੈਨ ਅਤੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਸੂਬੇ ਭਰ ਦੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਮੁਹਿੰਮ ਵਿੱਢੀ ਗਈ ਹੈ। ਵਿਭਾਗ ਵੱਲੋਂ ਸਰਪੰਚਾਂ ਨੂੰ ਆਪਣੇ ਸਰੋਤਾਂ ਦੀ ਵਰਤੋਂ ਕਰ ਕੇ ਗਰੀਬਾਂ ਨੂੰ ਭੋਜਨ ਅਤੇ ਦਵਾਈ ਮੁਹੱਈਆ ਕਰਾਉਣ ਦਾ ਅਧਿਕਾਰ ਦਿੱਤਾ ਗਿਆ। ਵਿਭਾਗ ਨੇ ਪਿੰਡ ਪੱਧਰ ’ਤੇ ਵਿੱਤੀ ਸਹਾਇਤਾ ਨੂੰ ਯਕੀਨੀ ਬਣਾਇਆ ਹੈ। ਇਸ ਸਬੰਧੀ ਗ੍ਰਾਮ ਪੰਚਾਇਤਾਂ ਵੱਲੋਂ ਇਕ ਮਹੀਨੇ ਵਿਚ ਵੱਧ ਤੋਂ ਵੱਧ 50000 ਰੁਪਏ ਖਰਚ ਕਰਨ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਗਰਾਮ ਪੰਚਾਇਤਾਂ ਨੂੰ ਗਰੀਬ ਲੋਕਾਂ ਅਤੇ ਖਾਸ ਕਰ ਕੇ ਦਿਹਾਡ਼ੀਦਾਰਾਂ ਦੀ ਮੁੱਢਲੀ ਰੋਜ਼ੀ-ਰੋਟੀ ਲਈ 5000 ਰੁਪਏ ਪ੍ਰਤੀ ਦਿਨ ਖਰਚ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਹੁਣ ਤਕ 1752 ਗ੍ਰਾਮ ਪੰਚਾਇਤਾਂ ਵੱਲੋਂ ਲੋਡ਼ਵੰਦਾਂ ਨੂੰ ਰਾਸ਼ਨ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਕੁੱਲ 3,16,552 ਰੁਪਏ ਖਰਚ ਕੀਤੇ ਗਏ ਹਨ।

Bharat Thapa

This news is Content Editor Bharat Thapa