ਨਰਸਿੰਗ ਇੰਸਟੀਚਿਊਟ ਨੇੜੇ ਲੱਗੇ ਗੰਦਗੀ ਦੇ ਢੇਰ ਵਿਦਿਆਰਥੀਆਂ ਦੀ ਸਿਹਤ ਲਈ ਬਣੇ ਖਤਰਾ

04/11/2018 1:28:39 PM

ਰੂਪਨਗਰ (ਕੈਲਾਸ਼)— ਸਿਵਲ ਹਸਪਤਾਲ ਦੇ ਨੇੜੇ ਗੌਰਮਿੰਟ ਇੰਸਟੀਚਿਊਟ ਨਰਸਿੰਗ ਅਤੇ ਪੈਰਾ-ਮੈਡੀਕਲ ਸਾਇੰਸਜ਼ ਅਤੇ ਇਸ ਦੇ ਹੋਸਟਲ ਦੀ ਮੈੱਸ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਦੀ ਸਮੱਸਿਆ ਦੇ ਸਥਾਈ ਹੱਲ ਦੀ ਗੁਹਾਰ ਨਗਰ ਕੌਂਸਲ ਅਧਿਕਾਰੀਆਂ ਤੋਂ ਲਗਾਈ ਗਈ। 
ਜਾਣਕਾਰੀ ਅਨੁਸਾਰ ਉਕਤ ਇੰਸਟੀਚਿਊਟ 'ਚ ਸੈਂਕੜਿਆਂ ਦੀ ਗਿਣਤੀ 'ਚ ਨਰਸਿੰਗ ਅਤੇ ਪੈਰਾ-ਮੈਡੀਕਲ ਦੇ ਵਿਦਿਆਰਥੀ ਸਿੱਖਿਆ ਲੈ ਰਹੇ ਰਹੇ ਹਨ। ਹਾਲਾਂਕਿ ਸਿਹਤ ਵਿਭਾਗ ਖੁਦ ਰੋਜ਼ਾਨਾ ਲੋਕਾਂ ਨੂੰ ਬੀਮਾਰੀ ਤੋਂ ਮੁਕਤ ਰਹਿਣ ਅਤੇ ਸਵੱਛ ਵਾਤਾਵਰਣ ਨੂੰ ਲੈ ਕੇ ਕੋਈ ਮੁਹਿੰਮ ਚਲਾਈ ਰੱਖਦਾ ਹੈ। ਜਿਸ ਦੇ ਤਹਿਤ ਨਰਸਿੰਗ ਵਿਦਿਆਰਥਣਾਂ ਜਾਗਰੂਕਤਾ ਰੈਲੀਆਂ ਅਤੇ ਹੋਰ ਪ੍ਰੋਗਰਾਮ 'ਚ ਸ਼ਾਮਲ ਹੁੰਦੀਆਂ ਰਹਿੰਦੀਆਂ ਹਨ ਪਰ ਦੂਜੇ ਪਾਸੇ ਉਕਤ ਨਰਸਿੰਗ ਵਿਦਿਆਰਥਣਾਂ ਖੁਦ ਹੀ ਉਨ੍ਹਾਂ ਦੇ ਇੰਸਟੀਚਿਊਟ ਅਤੇ ਉਨ੍ਹਾਂ ਦੀ ਮੈੱਸ ਦੇ ਨਾਲ ਲੱਗਣ ਵਾਲੇ ਗੰਦਗੀ ਦੇ ਢੇਰਾਂ ਤੋਂ ਜਿੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹਨ, ਉੱਥੇ ਉਨ੍ਹਾਂ ਦੀ ਸਿਹਤ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ ਰਹਿੰਦਾ ਹੈ। ਉਕਤ ਗੰਦਗੀ ਦੇ ਢੇਰਾਂ ਦੇ ਕਾਰਨ ਵਿਦਿਆਰਥੀਆਂ ਨੂੰ ਇੰਸਟੀਚਿਊਟ 'ਚ ਆਉਣਾ ਜਾਣਾ ਵੀ ਮੁਸ਼ਕਲ ਹੁੰਦਾ ਹੈ। ਜਿਸ ਦੇ ਕਾਰਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੀ ਖਤਰਾ ਬਣਿਆ ਹੋਇਆ ਹੈ। 
ਉਕਤ ਸਮੱਸਿਆ ਉਸ ਸਮੇਂ ਹੋਰ ਵੀ ਭਿਆਨਕ ਹੋ ਜਾਂਦੀ ਹੈ, ਜਦੋਂ ਗੰਦਗੀ ਦੇ ਢੇਰਾਂ 'ਤੇ ਬੇਸਹਾਰਾ ਪਸ਼ੂ ਵੀ ਪਹੁੰਚ ਜਾਂਦੇ ਹਨ। ਜਿਸ ਨਾਲ ਵਿਦਿਆਰਥਣਾਂ ਨੂੰ ਉਕਤ ਪਸ਼ੂਆਂ ਤੋਂ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧ 'ਚ ਇੰਸਟੀਚਿਊਟ ਦੀ ਪ੍ਰਿੰਸੀਪਲ ਨੇ ਨਗਰ ਕੌਂਸਲ ਨੂੰ ਗੰਦਗੀ ਦੇ ਢੇਰਾਂ ਨੂੰ ਹਟਾਉਣ ਸਬੰਧੀ ਲਿਖਤੀ ਅਤੇ ਜ਼ੁਬਾਨੀ ਰੂਪ 'ਚ ਕਈ ਵਾਰ ਜਾਣਕਾਰੀ ਦਿੱਤੀ ਗਈ ਪਰ ਸਮੱਸਿਆ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਹ ਉਕਤ ਸਮੱਸਿਆ ਨੂੰ ਲੈ ਕੇ 26 ਮਾਰਚ 2015 ਤੋਂ ਲਗਾਤਾਰ ਨਗਰ ਕੌਂਸਲ ਦੇ ਈ. ਓ. ਨੂੰ ਦਰਜਨਾਂ ਪੱਤਰ ਭੇਜ ਚੁੱਕੇ ਹਨ ਪਰ ਨਗਰ ਕੌਂਸਲ ਇਸ ਸਬੰਧ 'ਚ ਉਚਿਤ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਇਕ ਪਾਸੇ ਇੰਸਟੀਚਿਊਟ ਹੈ ਤਾਂ ਸੜਕ ਦੇ ਦੂਜੇ ਪਾਸੇ ਸਰਕਾਰੀ ਹਸਪਤਾਲ, ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ 'ਚ ਰੋਗੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਗੰਦਗੀ ਦੇ ਕਾਰਨ ਫ੍ਰੀ 'ਚ ਬੀਮਾਰੀਆਂ ਮਿਲ ਰਹੀਆਂ ਹਨ। ਇਸ ਸਬੰਧ 'ਚ ਇੰਸਟੀਚਿਊਟ ਦੀ ਪ੍ਰਿੰਸੀਪਲ ਨੇ ਸਿਵਲ ਸਰਜਨ ਦਫਤਰ ਰੂਪਨਗਰ, ਡਿਪਟੀ ਮੈਡੀਕਲ ਕਮਿਸ਼ਨਰ ਨੂੰ ਵੀ ਪੱਤਰ ਭੇਜੇ ਹਨ।
ਕੀ ਕਹਿੰਦੇ ਨੇ ਕੌਂਸਲ ਦੇ ਸੈਨੇਟਰੀ ਇੰਸਪੈਕਟਰ
ਇਸ ਸਬੰਧ 'ਚ ਜਦੋਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਸਥਾਨ 'ਤੇ ਲੱਗਣ ਵਾਲੇ ਗੰਦਗੀ ਦੇ ਢੇਰ ਸਾਲਾਂ ਤੋਂ ਲੱਗਦੇ ਆ ਰਹੇ ਹਨ। ਉਕਤ ਸਥਾਨ ਦੇ ਨੇੜੇ ਕੋਈ ਹੋਰ ਜਗ੍ਹਾ ਮੌਜੂਦ ਨਹੀਂ ਹੈ। ਜਿੱਥੇ ਗੰਦਗੀ ਦੇ ਢੇਰਾਂ ਦੇ ਸਥਾਨ ਨੂੰ ਤਬਦੀਲ ਕੀਤਾ ਜਾ ਸਕੇ। ਨਾਲ ਲੱਗਦੇ ਦੁਕਾਨਦਾਰ ਅਤੇ ਮੁਹੱਲਾ ਨਿਵਾਸੀ ਵੀ ਉਕਤ ਸਥਾਨ 'ਤੇ ਗੰਦਗੀ ਸੁੱਟਦੇ ਹਨ।  ਰੋਜ਼ਾਨਾ ਨਗਰ ਕੌਂਸਲ ਦੀ ਟਰੈਕਟਰ-ਟਰਾਲੀ ਗੰਦਗੀ ਦੇ ਢੇਰਾਂ ਨੂੰ ਚੁੱਕਦੀ ਹੈ। ਉਹ ਇਸ ਸਬੰਧ 'ਚ ਇੰਸਟੀਚਿਊਟ ਆਫ ਨਰਸਿੰਗ ਦੀ ਪ੍ਰਿੰਸੀਪਲ ਨਾਲ ਸੰਪਰਕ ਕਰ ਕੇ ਉਕਤ ਮਾਮਲੇ ਦਾ ਹੱਲ ਕੱਢਣਗੇ ਤਾਂ ਕਿ ਸਮੱਸਿਆ ਦਾ ਸਥਾਈ ਹੱਲ ਹੋ ਸਕੇ।