ਸਰਕਾਰ ਵਲੋਂ ਰਬੀ ਸੀਜ਼ਨ ਦੌਰਾਨ ਕਣਕ ਦੀ ਖਰੀਦ ਮਿਤੀ 31 ਮਈ ਕਰਨ ਦਾ ਫੈਸਲਾ

05/21/2020 11:38:02 PM

ਚੰਡੀਗੜ੍ਹ, (ਅਸ਼ਵਨੀ)— ਭਾਰਤ ਸਰਕਾਰ ਨੇ ਵੀਰਵਾਰ ਇਕ ਪੱਤਰ ਰਾਹੀਂ ਪੰਜਾਬ 'ਚ ਰਬੀ ਸੀਜ਼ਨ 2020-21 ਦੌਰਾਨ ਕਣਕ ਦੀ ਸਰਕਾਰੀ ਖਰੀਦ ਮਿਤੀ 31 ਮਈ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ, ਖੁਰਾਕ ਮੰਤਰਾਲਾ ਨਵੀਂ ਦਿੱਲੀ ਵਲੋਂ ਰਬੀ ਸੀਜ਼ਨ 2020-21 ਦੌਰਾਨ ਪੰਜਾਬ ਰਾਜ 'ਚ ਕਣਕ ਦੀ ਸਰਕਾਰੀ ਖਰੀਦ ਦੇ ਸੀਜ਼ਨ ਦਾ ਸਮਾਂ ਮਿਤੀ 15.04.2020 ਤੋਂ 31.05.2020 ਤੱਕ ਦਾ ਨਿਰਧਾਰਤ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਪੋਰਟਲ ਰਾਹੀਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਜਿਸਟਰਡ ਮੋਬਾਇਲ ਨੰਬਰਾਂ ਅਤੇ ਫੀਲਡ ਅਮਲੇ ਰਾਹੀਂ ਸਮੂਹ ਆੜ੍ਹਤੀਆਂ ਅਤੇ ਕਿਸਾਨਾਂ ਦੇ ਬਣਾਏ ਗਏ ਵਟਸਐਪ ਗਰੁੱਪਾਂ ਰਾਹੀਂ ਕਣਕ ਦੀ ਖਰੀਦ ਦੇ ਸਮੇਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਵਲੋਂ ਮਿਤੀ 31.05.2020 ਤੋਂ ਪਹਿਲਾਂ-ਪਹਿਲਾਂ ਸਾਰੀ ਕਣਕ ਮੰਡੀਆਂ 'ਚ ਲਿਆਂਦੀ ਜਾ ਸਕੇ ਅਤੇ ਕੋਈ ਵੀ ਕਿਸਾਨ ਆਪਣੀ ਫਸਲ ਮੰਡੀ 'ਚ ਵੇਚਣ ਤੋਂ ਵਾਝਾਂ ਨਾ ਰਹਿ ਜਾਵੇ। ਬੁਲਾਰੇ ਨੇ ਦੱਸਿਆ ਕਿ ਰਾਬੀ ਸੀਜ਼ਨ 2020-21 ਦੌਰਾਨ ਰਾਜ ਦੀਆਂ ਜਿਨ੍ਹਾਂ ਮੰਡੀਆਂ 'ਚ ਪਿਛਲੇ ਕੁਝ ਦਿਨਾਂ ਤੋਂ ਕਣਕ ਦੀ ਕੋਈ ਆਮਦ ਨਹੀਂ ਹੋਈ ਹੈ, ਅਜਿਹੀਆਂ ਮੰਡੀਆਂ ਨੂੰ ਵੀ ਖਰੀਦ ਲਈ ਹੌਲੀ-ਹੌਲੀ ਬੰਦ ਕਰਨ ਸਬੰਧੀ ਕਾਰਵਾਈ ਅਮਲ 'ਚ ਲਿਆਉਣ ਦੀ ਸ਼ੂਰੁ ਕਰ ਦਿੱਤੀ ਗਈ ਹੈ। ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਰਾਜ 'ਚ ਹੁਣ ਤੱਕ 125 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

KamalJeet Singh

This news is Content Editor KamalJeet Singh