ਰਾਜਪਾਲ ਦੇ ਸੰਬੋਧਨ ਤੋਂ ਪਹਿਲਾਂ ਭੜਕੇ ''ਆਪ'' ਆਗੂ, ਕਿਹਾ ਬਹਿਸ ਦਾ ਮੌਕਾ ਨਾ ਮਿਲਿਆ ਤਾਂ ਤੈਅ ਕਰਾਂਗੇ ਅਗਲੀ ਰਣਨੀਤੀ

03/28/2017 12:59:15 PM

ਚੰਡੀਗੜ੍ਹ : ਪੰਜਾਬ ਦੀ 15ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਤੀਸਰੇ ਦਿਨ ਪੰਜਾਬ ਦੇ ਰਾਜਪਾਲ ਸੰਬੋਧਨ ਲਈ ਪੰਜਾਬ ਵਿਧਾਨ ਸਭਾ ਪਹੁੰਚੇ। ਉਨ੍ਹਾਂ ਦਾ ਸਵਾਗਤ ਸਲਾਮੀ ਅਤੇ ਫੁੱਲਾਂ ਦੇ ਗੁੱਲਦਸਤੇ ਭੇਂਟ ਕਰਕੇ ਕੀਤਾ ਗਿਆ। ਰਾਸ਼ਟਰਗਾਨ ਤੋਂ ਬਾਅਦ ਰਾਜਪਾਲ ਨੂੰ ਵਿਧਾਨ ਸਭਾ ਸਦਨ ''ਚ ਲਿਜਾਇਆ ਗਿਆ। ਜਿੱਥੇ ਰਾਜਪਾਲ ਦਾ ਸੰਬੋਧਨ ਸ਼ੁਰੂ ਹੋਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ 1 ਜਨਵਰੀ ਤੋਂ ਸਾਰੇ ਵਿਧਾਇਕ ਅਤੇ ਐੱਮ. ਪੀ. ਆਪਣੀ ਚੱਲ ਅਚੱਲ ਜਾਇਦਾਦ ਦਾ ਬਿਓਰਾ ਵਿਧਾਨ ਸਭਾ ''ਚ ਦੇਣਗੇ।
ਇਸ ਤੋਂ ਬਾਅਦ ਰਾਜਪਾਲ ਨੇ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਨੂੰ ਦੋਹਰਾਇਆ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦੇ ਤਹਿਤ ਸਰਕਾਰ ਸੂਬੇ ਦੇ ਹਰ ਪਰਿਵਾਰ ਨੂੰ ਨੌਕਰੀ ਉਪਲੱਬਧ ਕਰਵਾਏਗੀ। ਇਸ ਲਈ ਸਾਰੇ ਜ਼ਿਲਿਆਂ ''ਚ ਰੋਜ਼ਗਾਰ ਬਿਓਰੋ ਸਥਾਪਤ ਕੀਤੇ ਜਾਣਗੇ। ਇਸ ਲਈ ਸਰਵੇ ਕਰਵਾ ਕੇ ਪੜ੍ਹੇ ਲਿਖੇ ਅਤੇ ਗੈਰ ਪੜ੍ਹੇ ਲਿਖੇ ਨੌਜਵਾਨਾਂ ਲਈ ਵੱਖ-ਵੱਖ ਰੋਜ਼ਗਾਰ ਸਥਾਪਤ ਕੀਤੇ ਜਾਣਗੇ। ਸ਼ਹੀਦ ਭਗਤ ਸਿੰਘ ਰੋਜ਼ਗਾਰ ਸਕੀਮ ਦੇ ਤਹਿਤ ਨੌਜਵਾਨਾਂ ਨੂੰ ਵਿਆਜ਼ ਮੁਕਤ ਟੈਕਸੀ ਉਪਲੱਬਧ ਕਰਵਾਈ ਜਾਵੇਗੀ। ਜਿਸ ਦਾ ਭੁਗਤਾਨ 5 ਸਾਲ ਤਕ ਕਰਨਾ ਹੋਵੇਗਾ। ਨੌਜਵਾਨਾਂ ਨੂੰ ਫ੍ਰੀ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ।
ਉਧਰ ਸੰਬੋਧਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਅਸੀਂ ਰਾਜਪਾਲ ਦਾ ਸੰਬੋਧਨ ਤਾਂ ਜ਼ਰੂਰ ਸੁਣਾਂਗੇ ਪਰ ਜੇ ਸੰਬੋਧਨ ਤੋਂ ਬਾਅਦ ਸਾਨੂੰ ਬਹਿਸ ਦਾ ਸਮਾਂ ਨਹੀਂ ਦਿੱਤਾ ਗਿਆ ਤਾਂ ਅਸੀਂ ਸਦਨ ਦੀ ਅਗਲੀ ਕਾਰਵਾਈ ਲਈ ਆਪਣੀ ਰਣਨੀਤੀ ਤੈਅ ਕਰਾਂਗੇ। ਕਾਂਗਰਸ ਸੰਵਿਧਾਨ ਦਾ ਉਲੰਘਣ ਕਰ ਰਹੀ ਹੈ ਕਿਉਂਕਿ ਰਾਜਪਾਲ ਦੇ ਸੰਬੋਧਨ ਤੋਂ ਬਾਅਦ ਹਮੇਸ਼ਾ ਹੀ ਇਸ ਸੰਬੋਧਨ ''ਤੇ ਚਰਚਾ ਹੁੰਦੀ ਹੈ ਜਿਸ ਤੋਂ ਬਚਣ ਲਈ ਕਾਂਗਰਸ ਵਿਧਾਨ ਸਭਾ ਦੇ ਏਜੰਡੇ ''ਚ ਪਰਿਵਰਤਨ ਕਰ ਰਹੀ ਹੈ ਅਤੇ ਬਹਿਸ ਤੋਂ ਬਚ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਸਾਡੇ ਚੁੱਕੇ ਹੋਏ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ।

Gurminder Singh

This news is Content Editor Gurminder Singh