ਸਰਕਾਰ ਨੇ ਲਾਪਤਾ ਹਵਾਈ ਯਾਤਰੀਆਂ ਦੀ ਜਾਣਕਾਰੀ ਸਾਂਝੀ ਕਰਨੀ ਕੀਤੀ ਬੰਦ

03/15/2020 11:32:31 PM

ਚੰਡੀਗੜ੍ਹ, (ਸ਼ਰਮਾ)— ਦਿੱਲੀ ਹਵਾਈ ਅੱਡੇ 'ਤੇ ਸਕ੍ਰੀਨਿੰਗ ਤੋਂ ਬਾਅਦ ਪੰਜਾਬ ਦੇ ਪਤੇ 'ਤੇ ਵਿਦੇਸ਼ ਯਾਤਰਾ ਤੋਂ ਆਉਣ ਵਾਲੇ ਯਾਤਰੀਆਂ ਦੀ ਪੰਜਾਬ 'ਚ ਸ਼ਨਾਖਤ ਨਾ ਹੋਣ ਕਾਰਣ ਮੀਡੀਆ 'ਚ ਵਿਵਾਦ ਦਾ ਮੁੱਦਾ ਬਣਨ ਤੋਂ ਬਾਅਦ ਹੁਣ ਸਰਕਾਰ ਨੇ ਅਜਿਹੇ ਯਾਤਰੀਆਂ ਦੀ ਗਿਣਤੀ ਦੀ ਜਾਣਕਾਰੀ ਸਾਂਝੀ ਕਰਨੀ ਬੰਦ ਕਰ ਦਿੱਤੀ ਹੈ, ਜਿਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ। ਇਸ ਤੋਂ ਪਹਿਲਾਂ ਸਰਕਾਰ ਆਪਣੇ ਬੁਲੇਟਿਨ 'ਚ ਇਸ ਗੱਲ ਦੀ ਚਰਚਾ ਕਰਦੀ ਸੀ ਕਿ ਇੰਨੀ ਗਿਣਤੀ 'ਚ ਦਿੱਲੀ ਤੋਂ ਸਕ੍ਰੀਨਿੰਗ 'ਚੋਂ ਲੰਘ ਕੇ ਆਏ ਹਵਾਈ ਯਾਤਰੀਆਂ ਨਾਲ ਪੰਜਾਬ ਦੇ ਉਨ੍ਹਾਂ ਦੇ ਪਤੇ 'ਤੇ ਅਧੂਰੀ ਜਾਣਕਾਰੀ ਕਾਰਣ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ। ਇਨ੍ਹਾਂ ਮਾਮਲਿਆਂ 'ਚੋਂ ਸਬੰਧਤ ਜ਼ਿਲਿਆਂ ਦੀ ਜਾਣਕਾਰੀ ਹੋਣ 'ਤੇ ਮਾਮਲੇ ਜ਼ਿਲਾ ਪ੍ਰਸ਼ਾਸਨ ਨੂੰ ਸੰਪਰਕ ਸਾਧਣ ਲਈ ਭੇਜੇ ਜਾਂਦੇ ਸਨ, ਬਾਕੀ ਬਾਰੇ ਕੇਂਦਰ ਨੂੰ ਸੂਚਿਤ ਕਰ ਦਿੱਤਾ ਜਾਂਦਾ ਸੀ ਪਰ ਮੀਡੀਆ 'ਚ ਇਹ ਗੱਲ ਉਜਾਗਰ ਹੋਣ ਤੋਂ ਬਾਅਦ ਕਿ ਸਰਕਾਰ ਦੀ ਲਾਪਤਾ ਹਵਾਈ ਯਾਤਰੀਆਂ ਨਾਲ ਸੰਪਰਕ ਸਾਧਣ 'ਚ ਅਸਫ਼ਲਤਾ ਤੋਂ ਬਾਅਦ ਕੋਰੋਨਾ ਵਾਇਰਸ ਦੇ ਸ਼ੱਕੀ ਲਾਪਤਾ ਹਵਾਈ ਯਾਤਰੀਆਂ ਦੇ ਸੰਪਰਕ ਨਾਲ ਸਮੱਸਿਆ ਵਧ ਸਕਦੀ ਹੈ। ਬੇਸ਼ੱਕ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਲਬੀਰ ਸਿੱਧੂ ਨੇ ਬੀਤੇ ਦਿਨੀਂ ਪੱਤਰਕਾਰ ਸੰਮੇਲਨ 'ਚ ਇਨ੍ਹਾਂ ਸ਼ੰਕਾਵਾਂ ਨੂੰ ਨਿਰਆਧਾਰ ਕਰਾਰ ਦਿੱਤਾ ਸੀ ਅਤੇ ਨਤੀਜੇ ਵਜੋਂ ਐਤਵਾਰ ਤੋਂ ਲਾਪਤਾ ਹਵਾਈ ਯਾਤਰੀਆਂ ਦੀ ਗਿਣਤੀ ਨੂੰ ਮੀਡੀਆ ਨਾਲ ਸਾਂਝੀ ਕਰਨਾ ਵੀ ਬੰਦ ਕਰ ਦਿੱਤਾ।
ਸਰਕਾਰ ਵਲੋਂ ਐਤਵਾਰ ਦੀ ਸਥਿਤੀ ਸਬੰਧੀ ਜਾਰੀ ਬੁਲੇਟਿਨ ਅਨੁਸਾਰ ਕੇਂਦਰ ਤੋਂ ਪ੍ਰਾਪਤ ਹੁਣ ਤੱਕ 6886 ਹਵਾਈ ਯਾਤਰੀਆਂ ਦੀ ਸੂਚੀ 'ਚੋਂ ਸਿਹਤ ਵਿਭਾਗ 6283 ਯਾਤਰੀਆਂ ਨਾਲ ਸੰਪਰਕ ਕਾਇਮ ਕਰ ਸਕਿਆ ਹੈ। ਜ਼ਾਹਿਰ ਹੈ ਕਿ ਹੁਣ ਵੀ 603 ਯਾਤਰੀਆਂ ਨਾਲ ਵਿਭਾਗੀ ਸੰਪਰਕ ਕਾਇਮ ਨਹੀਂ ਹੋ ਸਕਿਆ, ਜੇਕਰ ਇਨ੍ਹਾਂ 'ਚੋਂ ਕਿਸੇ 'ਚ ਵੀ 14 ਦਿਨਾਂ ਦੇ ਸਮੇਂ 'ਚ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਇਸ ਦੌਰਾਨ ਇਨ੍ਹਾਂ ਦੇ ਸੰਪਰਕ 'ਚ ਰਹਿਣ ਵਾਲਿਆਂ ਕਾਰਣ ਸਥਿਤੀ ਚਿੰਤਾਜਨਕ ਹੋ ਸਕਦੀ ਹੈ।
ਬੁਲੇਟਿਨ ਅਨੁਸਾਰ ਐਤਵਾਰ ਤੱਕ ਕੋਰੋਨਾ ਵਾਇਰਸ ਦੇ 2333 ਸ਼ੱਕੀ ਵਿਅਕਤੀਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ 8 ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ, ਜਦੋਂਕਿ 2325 ਨੂੰ ਉਨ੍ਹਾਂ ਦੇ ਘਰਾਂ 'ਚ ਹੀ ਅਲੱਗ ਥਲੱਗ ਕਰ ਕੇ ਸਿਹਤ ਵਿਭਾਗ ਉਨ੍ਹਾਂ 'ਤੇ ਨਜ਼ਰ ਰੱਖ ਰਿਹਾ ਹੈ।

ਕੇਂਦਰ ਤੋਂ ਮੰਗੀ ਜਾ ਰਹੀ ਜਾਣਕਾਰੀ
ਲਾਪਤਾ ਹਵਾਈ ਯਾਤਰੀਆਂ ਦਾ ਮੁੱਦਾ ਮੀਡੀਆ 'ਚ ਉਛਲਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੇਂਦਰ ਨੂੰ ਸੂਚਿਤ ਕੀਤਾ ਹੈ ਕਿ ਅਧੂਰੀ ਜਾਣਕਾਰੀ ਕਾਰਨ ਸੰਪਰਕ ਕਾਇਮ ਨਾ ਹੋ ਸਕਣ ਵਾਲੇ ਹਵਾਈ ਯਾਤਰੀਆਂ ਸਬੰਧੀ ਪੁਖਤਾ ਜਾਣਕਾਰੀ ਪ੍ਰਦਾਨ ਕੀਤੀ ਜਾਵੇ ਤਾਂ ਕਿ ਉਨ੍ਹਾਂ ਨਾਲ ਜਲਦੀ ਹੀ ਸੰਪਰਕ ਸਾਧਿਆ ਜਾ ਸਕੇ। ਕੇਂਦਰ ਤੋਂ ਇਹ ਵੀ ਜਾਣਕਾਰੀ ਮੰਗੀ ਗਈ ਹੈ ਕਿ ਇਸ ਗੱਲ ਦੀ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ ਕਿ ਦਿੱਲੀ ਹਵਾਈ ਅੱਡੇ 'ਤੇ ਸਕ੍ਰੀਨ ਕੀਤੇ ਗਏ ਪੰਜਾਬ ਨਾਲ ਜੁੜੇ ਕਿੰਨੇ ਯਾਤਰੀ ਵਾਪਸ ਜਾ ਚੁੱਕੇ ਹਨ ਤਾਂ ਕਿ ਲੋਕਾਂ 'ਚ ਪੈਦਾ ਹੋ ਰਹੀ ਭਰਮ ਦੀ ਸਥਿਤੀ ਨੂੰ ਦੂਰ ਕੀਤਾ ਜਾ ਸਕੇ।

KamalJeet Singh

This news is Content Editor KamalJeet Singh