ਸਰਕਾਰ MSP ’ਤੇ ਖਰੀਦ ਦਾ ਗਾਰੰਟੀ ਬਿੱਲ ਪਾਸ ਕਰੇ : ਲੱਖੋਵਾਲ

08/06/2021 2:17:46 AM

ਮਾਛੀਵਾੜਾ ਸਾਹਿਬ(ਟੱਕਰ, ਸਚਦੇਵਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦਿੱਲੀ ਜੰਤਰ-ਮੰਤਰ ਵਿਖੇ ਜੋ ਪਿਛਲੇ ਮਹੀਨੇ ਦੀ 22 ਤਰੀਕ ਤੋਂ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਬਰਾਬਰ ਕਿਸਾਨ ਸੰਸਦ ਚੱਲ ਰਹੀ ਹੈ, ਅੱਜ ਉਸ ਵਿਚ ਸ਼ਮੂਲੀਅਤ ਕਰਦੇ ਹੋਏ ਸਪੀਕਰ ਬਣ ਕੇ ਕਾਰਵਾਈ ਚਲਾਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਲਗਾਤਾਰ ਆਪਣੀ ਸੰਸਦ ਚਲਾ ਕੇ ਸਰਕਾਰ ਨੂੰ ਸੰਕੇਤਕ ਤੌਰ ’ਤੇ ਇਹ ਦਰਸਾਉਣ ਦੀ ਕੋਸ਼ਿਸ ਕੀਤੀ ਹੈ ਕਿ ਕਿਸ ਤਰ੍ਹਾਂ ਸੰਜ਼ਮ ਤੇ ਨੇਮ ਵਿਚ ਰਹਿੰਦਿਆਂ ਕਿਸਾਨੀ ਮੁੱਦਿਆਂ ’ਤੇ ਚਰਚਾ ਕਰ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ। ਲੱਖੋਵਾਲ ਨੇ ਕਿਸਾਨ ਸੰਸਦ ਦੀ ਕਾਰਵਾਈ ਚਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਇਹ ਬਿਆਨ ਦੇ ਰਹੀ ਹੈ ਕਿ ਐੱਮ. ਐੱਸ. ਪੀ. ਹੈ ਤੇ ਰਹੇਗੀ, ਜੇਕਰ ਸਰਕਾਰ ਸੱਚੀ ਤੇ ਕਿਸਾਨੀ ਮਸਲੇ ਬਾਰੇ ਗੰਭੀਰ ਸੋਚ ਰੱਖਦੀ ਹੈ ਤਾਂ ਸਾਰੀਆਂ ਹੀ ਫਸਲਾਂ ’ਤੇ ਸਮਰਥਨ ਮੁੱਲ ਫਸਲਾਂ ਦੀ ਖਰੀਦ ਦਾ ਗਰੰਟੀ ਬਿੱਲ ਸਦਨ ਵਿਚ ਲਿਆ ਕੇ ਪਾਸ ਕਰੇ ਤਾਂ ਜੋ ਹਰੇਕ ਕਿਸਾਨ ਦੀ ਫਸਲ ਐੱਮ. ਐੱਸ. ਪੀ. ’ਤੇ ਵਿਕ ਸਕੇ।

ਇਹ ਵੀ ਪੜ੍ਹੋ- ਤਕਨੀਕੀ ਖ਼ਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਦੀ ਖੇਤਾਂ ’ਚ ਐਮਰਜੈਂਸੀ ਲੈਂਡਿੰਗ
ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ’ਤੇ ਗਰੰਟੀ ਬਿੱਲ ਪਾਸ ਹੋਣ ਨਾਲ ਇਕ ਤਾਂ ਫਸਲੀ ਵਿਭਿੰਨਤਾ ਆਵੇਗੀ ਤੇ ਕਿਸਾਨ ਆਪਣੀ ਲੋੜ ਅਨੁਸਾਰ ਫਸਲਾਂ ਜਿਵੇਂ ਦਾਲਾਂ, ਸਬਜ਼ੀਆਂ, ਫਲਾਂ ਦੀ ਕਾਸ਼ਤ, ਕਪਾਹ ਦੀ ਕਾਸ਼ਤ, ਗੰਨਾ ਤੇ ਲੱਕੜੀ ਵਾਸਤੇ ਪਾਪੂਲਰ, ਡੇਕਾਂ ਵਰਗੇ ਦਰੱਖਤਾਂ ਦੀ ਕਾਸ਼ਤ ਕਰਨਗੇ, ਜਿਸ ਨਾਲ ਇਕ ਤਾਂ ਫਸਲੀ ਵਿਭਿੰਨਤਾ ਆਵੇਗੀ ਤੇ ਦੂਜਾ ਵਾਤਾਵਰਣ ਵੀ ਸ਼ੁੱਧ ਹੋਵੇਗਾ। ਲੱਖੋਵਾਲ ਨੇ ਫਸਲੀ ਵਿਭਿੰਨਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਬੇਰੋਜ਼ਗਾਰੀ ਘਟੇਗੀ ਕਿਉਂਕਿ ਦੇਸ਼ ਅੰਦਰ ਪਹਿਲਾਂ ਤੋਂ ਹੀ ਖੇਤੀ ਸੈਕਟਰ ਲਗਭਗ 70 ਫੀਸਦੀ ਤੋਂ ਜ਼ਿਆਦਾ ਰੋਜ਼ਗਾਰ ਦੇਸ਼ ਵਾਸੀਆਂ ਨੂੰ ਦਿੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਕਈ ਸਹਾਇਕ ਧੰਦੇ ਵੀ ਜੁੜੇ ਹੋਏ ਹਨ, ਜਿਸ ’ਚ ਕਿੰਨੀ ਹੀ ਇੰਡਸਟਰੀ ਖੇਤੀਬਾੜੀ ਦੀ ਮਸ਼ੀਨਰੀ, ਕਿੰਨੀਆਂ ਹੀ ਬੀਜ, ਕੀੜੇਮਾਰ ਦਵਾਈਆਂ, ਸਪੇਅਰ ਪਾਰਟ ਬਣਾਉਂਦੀਆਂ ਹਨ। ਲੱਖੋਵਾਲ ਨੇ ਕਿਹਾ ਕਿ ਸਰਕਾਰ ਨੂੰ ਤਿੰਨੋਂ ਕਿਸਾਨ ਮਾਰੂ ਬਿੱਲ ਰੱਦ ਕਰਨੇ ਚਾਹੀਦੇ ਹਨ ਅਤੇ ਐੱਮ. ਐੱਸ. ਪੀ. ’ਤੇ ਗਰੰਟੀ ਬਿੱਲ ਪਾਸ ਕਰਕੇ ਸਾਰੇ ਕਿਸਾਨਾਂ ਨੂੰ ਇਸ ਦਾ ਫਾਇਦਾ ਪਹੁੰਚਾਉਣਾ ਚਾਹੀਦਾ ਹੈ।

Bharat Thapa

This news is Content Editor Bharat Thapa