ਇਸ ਸਕੂਲ ''ਚ ਬੱਚਿਆਂ ਦੀ ਹੈ ਆਪਣੀ ਹੀ ਸਰਕਾਰ, ਪੀ. ਐੱਮ. ਤੋਂ ਲੈ ਕੇ ਬਣੇ ਨੇ ਮੰਤਰੀ

09/10/2019 6:58:04 PM

ਹੁਸ਼ਿਆਰਪੁਰ— ਇਥੋਂ ਦੇ ਪਿੰਡ ਢੱਡੇ ਫਤਿਹ ਸਿੰਘ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 5ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀ ਆਪਣੀ ਸਰਕਾਰ ਹੈ। ਸਕੂਲ 'ਚ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀ ਤੱਕ ਸਭ ਬੱਚੇ ਹੀ ਹਨ। ਸਿਹਤ ਮੰਤਰੀ ਸਕੂਲ ਦੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦਾ ਹੈ ਤਾਂ ਉਥੇ ਹੀ ਵਾਟਰ ਸਪਲਾਈ ਮੰਤਰੀ ਦਾ ਕੰਮ ਹੈ ਬੱਚਿਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ। ਵਾਟਰ ਸਪਲਾਈ ਮੰਤਰੀ ਦੇਖਦਾ ਹੈ ਕਿ ਟੈਂਕੀਆਂ ਸਮੇਂ 'ਤੇ ਸਾਫ ਹੁੰਦੀਆਂ ਹਨ ਜਾਂ ਨਹੀਂ। ਬੀਤੇ ਦਿਨੀਂ ਸਕੂਲ 'ਚ ਲੋਕਤੰਤਰ ਤਰੀਕੇ ਨਾਲ ਸੰਸਦੀ ਚੋਣਾਂ ਹੋਈਆਂ ਹਨ। ਚੁਣੇ ਗਏ ਸੰਸਦੀ ਮੈਂਬਰਾਂ ਨੇ 12ਵੀਂ ਦੇ ਵਿਦਿਆਰਥੀ ਬਲਵਿੰਦਰ ਸਿੰਘ ਨੂੰ ਪੀ. ਐੱਮ. ਚੁਣਿਆ ਹੈ। ਪੀ. ਐੱਮ. ਨੇ ਐੱਮ. ਪੀਜ਼ ਨੂੰ ਮੰਤਰੀ ਦੇ ਅਹੁਦੇ ਵੀ ਵੰਡ ਦਿੱਤੇ ਹਨ। ਸਟੂਡੈਂਟਸ ਕੈਬਨਿਟ ਪ੍ਰਿੰਸੀਪਲ ਅਧਿਆਪਕਾਂ ਦੀ ਸਲਾਹ ਨਾਲ ਸਕੂਲ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਂਦੇ ਹਨ।

ਹੁਸ਼ਿਆਰਪੁਰ ਜ਼ਿਲੇ ਦਾ ਪਹਿਲਾ ਸਮਾਰਟ ਸਕੂਲ ਬਣਿਆ
ਪ੍ਰਿੰਸੀਪਲ ਸ਼ਲਿੰਦਰ ਸਿੰਘ ਨੇ ਜਦੋਂ ਸਕੂਲ 'ਚ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਸੀ ਤਾਂ ਇਹ ਸਕੂਲ ਵੀ ਆਮ ਸਕੂਲਾਂ ਵਾਂਗ ਸੀ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਐੱਨ. ਆਰ. ਆਈਜ਼ ਦੀ ਮਦਦ ਨਾਲ ਇਸ ਸਕੂਲ ਨੂੰ ਸਮਾਰਟ ਸਕੂਲ ਬਣਾ ਦਿੱਤਾ। 14  ਅਗਸਤ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਇਸ ਸਕੂਲ ਨੂੰ ਹੁਸ਼ਿਆਰਪੁਰ ਜ਼ਿਲੇ ਦਾ ਸਮਾਰਟ ਸਕੂਲ ਐਲਾਨਿਆ ਹੈ।

ਪ੍ਰੀ-ਪ੍ਰਾਇਮਕੀ ਕਾਲਸਾਂ ਸ਼ੁਰੂ ਕਰਨ ਵਾਲਾ ਪੰਜਾਬ ਦਾ ਹੈ ਪਹਿਲਾ ਸਕੂਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਫਤਿਹ ਸਿੰਘ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਵਾਲਾ ਸੂਬੇ ਦਾ ਪਹਿਲਾ ਸਕੂਲ ਹੈ। ਪ੍ਰੀ-ਪ੍ਰਾਇਮਰੀ ਸਕੂਲ 'ਚ ਦਾਖਲੇ ਲਈ 370 ਵਿਦਿਆਰਥੀਆਂ ਦੀਆਂ ਅਰਜੀਆਂ ਆਈਆਂ ਸਨ, ਜਿਨ੍ਹਾਂ ਨੂੰ 150 ਨੂੰ ਹੀ ਸਕੂਲ 'ਚ ਦਾਖਲਾ ਮਿਲਿਆ। ਸਕੂਲ 'ਚ 6 ਬੱਸਾਂ ਵੀ ਲਗਾਈਆਂ ਗਈਆਂ ਹਨ, ਜੋ ਕਰੀਬ 35 ਪਿੰਡਾਂ ਦੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀਆਂ ਵੀ ਹਨ ਅਤੇ ਛੁੱਟੀ ਹੋਣ 'ਤੇ ਘਰ ਵੀ ਪਹੁੰਚਾਉਂਦੀਆਂ ਹਨ। ਗਰੀਬ ਬੱਚਿਆਂ ਕੋਲੋਂ ਬੱਸ ਦੀ ਫੀਸ ਨਹੀਂ ਲਈ ਜਾਂਦੀ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸਕੂਲ ਨੂੰ ਪਾਲੀਥਿਨ ਰਹਿਤ ਬਣਾਇਆ ਗਿਆ ਹੈ ਅਤੇ ਹਰ ਕਲਾਸ 'ਚ ਡਸਟਬਿਨ ਰੱਖੇ ਹੋਏ ਹਨ। ਕੰਧਾਂ 'ਤੇ ਕੀਤੀ ਗਈ ਪੇਂਟਿੰਗ ਛੋਟੇ ਵਿਦਿਆਰਥੀਆਂ ਤੋਂ ਲੈ ਕੇ ਹਰ ਇਕ ਨੂੰ ਆਕਰਸ਼ਿਤ ਕਰਦੀ ਹੈ। ਵਾਲ ਵਿਦਿਆਰਥੀਆਂ ਨੂੰ ਜ਼ਿੰਦਗੀ 'ਚ ਅੱਗੇ ਵੱਧਣ ਦਾ ਸੰਦੇਸ਼ ਦਿੰਦੀ ਹੈ।

shivani attri

This news is Content Editor shivani attri