ਪ੍ਰਾਈਵੇਟ ਸਿੱਖਿਆ ਅਦਾਰਿਆਂ ਦਾ ਮੁਕਾਬਲਾ ਕਰਨ ਲਈ ਸਰਕਾਰੀ ਸਕੂਲਾਂ ਨੇ ਕੱਸੀ ਕਮਰ

02/20/2018 6:05:02 AM

ਸੁਲਤਾਨਪੁਰ ਲੋਧੀ, (ਧੀਰ)— ਪ੍ਰਾਈਵੇਟ ਸਿੱਖਿਆ ਅਦਾਰਿਆਂ ਦੇ ਹਾਈਟੈੱਕ ਪ੍ਰਚਾਰ ਨੇ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਦਾਖਲਿਆਂ 'ਤੇ ਕਾਫੀ ਹੱਦ ਤਕ ਅਸਰ ਪਾਇਆ ਹੈ। ਇਸ ਕਾਰਨ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਵੀ ਦਿਨ-ਪ੍ਰਤੀ- ਦਿਨ ਖਤਰਾ ਖੜ੍ਹਾ ਹੋ ਰਿਹਾ ਹੈ। ਇਸ ਖਤਰੇ ਨੂੰ ਭਾਂਪਦੇ ਹੋਏ ਸਰਕਾਰੀ ਸਕੂਲ ਤੇ ਸਿੱਖਿਆ ਵਿਭਾਗ ਨੇ ਹੁਣ ਵੱਡੇ ਪੱਧਰ 'ਤੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਉਪਰਾਲੇ ਕਿਥੋਂ ਤਕ ਸਟਿਕ ਸਾਬਿਤ ਹੁੰਦੇ ਹਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। 
ਟਾਈ ਵਾਲੇ ਸਕੂਲਾਂ 'ਚ ਪੜ੍ਹਨ ਦੀ ਜਿੱਦ, ਮਾਪਿਆਂ ਲਈ ਮੁਸੀਬਤ
ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲੱਗੀ ਟਾਈ ਨੂੰ ਦੇਖ ਹੁਣ ਗਰੀਬ ਮਾਪਿਆਂ ਦੇ ਬੱਚੇ ਵੀ ਟਾਈ ਵਾਲੇ ਸਕੂਲ 'ਚ ਪੜ੍ਹਨ ਦੀ ਜਿੱਦ ਕਰਦੇ ਹਨ ਤੇ ਮਾਪੇ ਵੀ ਕੁਝ ਅਜੀਹਾ ਹੀ ਚਾਹੁੰਦੇ ਹਨ ਪਰ ਇਨ੍ਹਾਂ ਸੁਪਨਿਆਂ 'ਤੇ ਉਨ੍ਹਾਂ ਦੀ ਆਰਥਿਕ ਮੰਦਹਾਲੀ ਬੂਰ ਨਹੀਂ ਪੈਣ ਦਿੰਦੀ। ਕੁਝ ਮਾਪੇ ਤਾਂ ਨਾ ਚਾਹੁੰਦੇ ਹੋਏ ਵੀ ਮਜਬੂਰ ਹੋ ਕੇ ਕਰਜ਼ਾ  ਚੁੱਕ ਕੇ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਹਨ। ਇਹ ਵੀ ਇਕ ਕਾਰਨ ਹੈ, ਜੋ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟਾ ਰਿਹਾ ਹੈ। 
ਪ੍ਰਾਈਵੇਟ ਸਕੂਲਾਂ ਦੇ ਪ੍ਰਚਾਰ ਅੱਗੇ ਸਰਕਾਰੀ ਸਕੂਲ ਹੋ ਰਹੇ ਹਨ ਬੌਣੇ ਸਾਬਿਤ
ਪ੍ਰਾਈਵੇਟ ਸਕੂਲਾਂ ਵਾਲੇ ਆਪਣੇ ਅਦਾਰੇ ਦੇ ਪ੍ਰਚਾਰ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਸਕੂਲ ਦੇ ਵਾਹਨ, ਪਿੰਡਾਂ ਤੇ ਸ਼ਹਿਰਾਂ ਦੀਆਂ ਕੰਧਾਂ, ਮੁੱਖ ਚੌਕਾਂ ਆਦਿ ਥਾਵਾਂ 'ਤੇ ਹੋਰਡਿੰਗ, ਸਟੀਮਰ ਆਦਿ ਦਾ ਸਹਾਰਾ ਲੈ ਕੇ ਹਰ ਮੁਮਕਿਨ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਰਕਾਰੀ ਸਿੱਖਿਆ ਵਿਭਾਗ ਵੀ ਆਇਆ ਹਰਕਤ 'ਚ 
ਪ੍ਰਾਈਵੇਟ ਸਕੂਲਾਂ ਵਲੋਂ ਕੀਤੇ ਜਾ ਰਹੇ ਹਾਈਟੈਕ ਪ੍ਰਚਾਰ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵੀ ਹਰਕਤ 'ਚ ਆ ਗਿਆ ਹੈ। ਡੀ. ਜੀ. ਐੱਸ. ਈ. ਕ੍ਰਿਸ਼ਨ ਕੁਮਾਰ ਵਲੋਂ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਇਸ ਸਬੰਧੀ ਜ਼ਰੂਰੀ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਪਿੰਡ-ਪਿੰਡ, ਸ਼ਹਿਰ-ਸ਼ਹਿਰ 'ਚ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲੇ ਲਈ ਜ਼ਿਲਾ ਸਿੱਖਿਆ ਅਫਸਰਾਂ ਨੂੰ ਮਸ਼ਾਲ ਮਾਰਚ ਕੱਢਣ ਤੇ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਲਈ ਮੁਫਤ ਵਰਦੀ, ਮਿਡ-ਡੇ ਮੀਲ, ਐੱਸ. ਸੀ. ਵਿਦਿਆਰਥੀਆਂ ਨੂੰ ਵਜ਼ੀਫੇ, ਮੁਫਤ ਕਿਤਾਬਾਂ, ਸੱਭਿਆਚਾਰਕ ਟੂਰ ਨੂੰ ਵੀ ਉਭਾਰਨ ਦੇ ਲਈ ਆਪਣੇ ਪੱਧਰ 'ਤੇ ਪੋਸਟਰਾਂ ਰਾਹੀਂ ਪ੍ਰਚਾਰ ਕਰਨ ਨੂੰ ਕਿਹਾ ਗਿਆ ਹੈ ਤਾਂਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਬੱਚਿਆਂ ਦਾ ਦਾਖਲਾ ਹੋ ਸਕੇ।
ਕੀ ਕਹਿੰਦੇ ਹਨ ਜ਼ਿਲਾ ਸਿੱਖਿਆ ਅਫਸਰ 
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ ਉਪ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਹੁਣ ਸਿੱਖਿਆ ਵਿਭਾਗ ਨੇ ਵੀ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਵੱਧ ਤੋਂ ਵੱਧ ਦਾਖਲੇ ਲਈ ਕਮਰਕੱਸ ਲਈ ਹੈ, ਜਿਸ ਤਹਿਤ ਜ਼ਿਲਾ ਕਪੂਰਥਲਾ 'ਚ ਵੀ 22 ਫਰਵਰੀ ਨੂੰ ਮਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਵਲੋਂ ਖੁਦ ਨਿੱਜੀ ਤੌਰ 'ਤੇ ਬੱਚਿਆਂ ਦੇ ਮਾਪਿਆਂ ਨਾਲ ਮਿਲਣੀ, ਸਰਕਾਰੀ ਸਕੂਲਾਂ 'ਚ ਮਿਲ ਰਹੀਆਂ ਸਹੂਲਤਾਂ ਤੇ ਪੜ੍ਹਾਈ ਦੇ ਪੱਧਰ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸਕੂਲਾਂ ਵਾਲੇ ਆਪਣੇ ਤੌਰ 'ਤੇ ਪੋਸਟਰ ਛਪਵਾ ਕੇ ਵੰਡ ਰਹੇ ਹਨ ਤਾਂਕਿ ਪ੍ਰਾਈਵੇਟ ਸਕੂਲਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਮੁਕਾਬਲਾ ਕਰ ਸਕੀਏ।
'ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਯਤਨਾਂ ਦੀ ਲੋੜ'
ਪ੍ਰਸਿੱਧ ਵਿਦਵਾਨ ਸਿੱਖਿਆ ਮਾਹਿਰ ਪ੍ਰੋ. ਐੱਸ. ਕੇ. ਰਤਨ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਦਾਖਲੇ ਲਈ ਵਿਭਾਗ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਪ੍ਰੰਤੂ ਇਸ ਦੇ ਹੋਰ ਯਤਨ, ਜਿਵੇਂ ਸਰਕਾਰੀ ਅਧਿਆਪਕਾਂ ਦੀ ਸਕੂਲਾਂ 'ਚ ਘਾਟ ਪੂਰੀ ਕਰਨੀ, ਬੇਲੋੜੇ ਗੈਰ ਸਿੱਖਿਅਕ ਕੰਮ ਲੈਣੇ ਬੰਦ ਕਰਨੇ। ਸਕੂਲਾਂ 'ਚ ਮਿਲ ਰਹੀਆਂ ਸਹੂਲਤਾਂ ਨੂੰ ਸਹੀ ਸਮੇਂ 'ਤੇ ਬੱਚਿਆਂ ਨੂੰ ਦੇਣਾ ਆਦਿ ਦੀ ਸਖਤ ਜ਼ਰੂਰਤ ਹੈ।