ਸਿਊਨਾ ਦੇ ਸਕੂਲ ਦੀ ਅਸੁਰੱਖਿਅਕ ਇਮਾਰਤ ’ਚ ਭਰਿਆ ਮੀਂਹ ਦਾ 2-2 ਫੁੱਟ ਪਾਣੀ

07/05/2018 6:25:15 AM

ਪਟਿਆਲਾ(ਜੋਸਨ)-ਇਥੋਂ ਥੋਡ਼੍ਹੀ ਦੂਰ ਸਥਿਤ ਪਿੰਡ ਸਿਊਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਡ਼੍ਹਦੇ 270 ਗਰੀਬ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ,  ਜਿਸ ਦੇ ਬੱਚੇ 58 ਸਾਲ ਪੁਰਾਣੇ ਕਮਰਿਆਂ ਵਿਚ ਪਡ਼੍ਹ ਰਹੇ ਹਨ, ਜੋ ਕਿ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਹੁਣ ਹੋ ਰਹੀ ਬਾਰਸ਼ ਕਾਰਨ ਸਕੂਲ ਵਿਚ ਦੋ-ਦੋ ਫੁੱਟ ਪਾਣੀ ਵਡ਼ ਗਿਆ ਹੈ, ਜਿਸ ਨੇ ਸਥਿਤੀ ਬਦ ਤੋਂ ਬਦਤਰ ਕਰ ਦਿਤੀ ਹੈ। ਹਾਲਾਂਕਿ ਸਕੂਲ ਵਿਚ ਨਵੀਂ ਬਿਲਡਿੰਗ ਵੀ ਤਿਆਰ ਕੀਤੀ ਗਈ ਹੈ, ਜਿਸਨੂੰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਸਕੂਲ ਦੀ ਡਿਗੂੰ-ਡਿਗੂੰ ਕਰਦੀ ਬਿਲਡਿੰਗ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਪਿੰਡ ਸਿਊਣਾ ਦੀ ਪੰਚਾਇਤ ਦੀ ਸਿਫਾਰਸ਼ ’ਤੇ ਸਕੂਲ ਵਿਚ ਨਵੀਂ ਬਿਲਡਿੰਗ ਬਣਾਉਣ ਲਈ 2016 ਵਿਚ 32 ਲੱਖ ਰੁਪਏ ਪਾਸ ਕਰ ਦਿੱਤੇ ਸਨ। ਹੈਰਾਨੀ ਹੈ ਕਿ ਪੈਸੇ ਆਉਣ ਦੇ ਬਾਵਜੂਦ ਵੀ 3 ਸਾਲਾਂ ਵਿਚ ਇਸ ਬਿਲਡਿੰਗ ਅੰਦਰ ਬੱਚਿਆਂ ਨੂੰ ਸਿਫ਼ਟ ਨਹੀਂ ਕੀਤਾ ਜਾ ਸਕਿਆ, ਜਿਸ ਲਈ ਸਿੱਧੇ ਤੌਰ ’ਤੇ ਅਧਿਕਾਰੀ ਜ਼ਿੰਮੇਵਾਰ ਹਨ। ਲੰਘੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸਕੂਲ ਦੇ ਇਨ੍ਹਾਂ ਪੁਰਾਣੇ ਕਮਰਿਆਂ ਵਿਚ ਦੋ-ਦੋ ਫੁੱਟ ਪਾਣੀ ਦਾਖਲ ਹੋ ਗਿਆ ਤੇ ਅੱਜ ਸਾਰਾ ਦਿਨ ਬੱਚੇ ਅਤੇ ਅਧਿਆਪਕ ਇਸ ਪਾਣੀ ਨੂੰ ਕੱਢਣ ’ਤੇ ਹੀ ਲੱਗੇ ਰਹੇ। ਪੈ ਰਹੀ ਬਾਰਿਸ਼ ਕਾਰਨ ਜੇਕਰ ਇਹ ਬਿਲਡਿੰਗ ਡਿੱਗ ਪਈ ਤਾਂ ਇਸ ਵਿਚ ਪਡ਼੍ਹਦੇ 270 ਬੱਚੇ ਅਤੇ ਅੱਧੀ ਦਰਜਨ ਤੋਂ ਵਧ ਅਧਿਆਪਕਾਂ ਨਾਲ ਕਿਸੇ ਵੇਲੇ ਵੀ ਅਣਹੋਣੀ ਵਾਪਰ ਸਕਦੀ ਹੈ, ਜਿਹਡ਼ੀ ਕਿ ਕਾਲਾ ਇਤਿਹਾਸ ਬਣ ਜਾਵੇਗੀ। ‘ਜਗ ਬਾਣੀ’ ਵਲੋਂ ਸਿਊਣਾ ਪਿੰਡ ਦੇ ਸਕੂਲ ਵਿਚ ਜਾ ਕੇ ਜਦੋਂ ਹਾਲਾਤ ਦੇਖੇ ਗਏ ਤਾਂ ਇਥੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਬੱਚਿਆਂ ਨੂੰ ਮੁਫ਼ਤ ਅਤੇ ਵਧੀਆ ਵਿੱਦਿਆ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੂੰ ਇਸ ਸਕੂਲ ਨੂੰ ਕਟਹਿਰੇ ਵਿਚ ਲਿਆ ਕੇ ਖਡ਼੍ਹਾ ਕਰ ਦਿੱਤਾ ਹੈ ਹਾਲਾਂਕਿ ਸਕੂਲੀ ਅਧਿਆਪਕ ਇਸ ਸਬੰਧੀ ਡਰ ਦੇ ਮਾਰੇ ਬਹੁਤਾ ਕੁੱਝ ਬੋਲਣ ਨੂੰ ਤਿਆਰ ਨਹੀਂ ਸਨ ਪਰ ਜਿਸ ਤਰ੍ਹਾਂ ਅਧਿਆਪਕ ਬੱਚਿਆਂ ਨਾਲ ਸਕੂਲ ’ਚੋਂ ਪਾਣੀ ਬਾਹਰ ਕੱਢਵਾ ਰਹੇ ਸਨ ਤੋਂ ਕਾਫੀ ਕੁੱਝ ਸਪੱਸ਼ਟ ਹੋ ਗਿਆ ਸੀ, ਜੇਕਰ ਇਥੇ ਬਣੀ ਨਵੀਂ ਬਿਲਡਿੰਗ ਵਿਚ ਤੁਰੰਤ ਸਕੂਲ ਨੂੰ ਸਿਫ਼ਟ ਨਾ ਕੀਤਾ ਗਿਆ ਤਾਂ ਵੱਡਾ ਭਾਣਾ ਵਾਪਰ ਸਕਦਾ ਹੈ।