ਸਰਕਾਰੀ ਸਕੂਲਾਂ ''ਚ ਕਿਤਾਬਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ

04/22/2018 12:58:58 PM

ਹਰਿਆਣਾ (ਆਨੰਦ)— ਅਧਿਆਪਕ ਦਲ ਪੰਜਾਬ ਜ਼ਿਲਾ ਹੁਸ਼ਿਆਰਪੁਰ ਦੀ ਇਕਾਈ ਦੀ ਇਕ ਅਹਿਮ ਮੀਟਿੰਗ ਕਸਬਾ ਹਰਿਆਣਾ ਵਿਖੇ ਜ਼ਿਲਾ ਪ੍ਰਧਾਨ ਉਂਕਾਰ ਸਿੰਘ ਸੂਸ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਈਸ਼ਰ ਸਿੰਘ ਮੰਝਪੁਰ ਅਤੇ ਉਂਕਾਰ ਸਿੰਘ ਸੂਸ ਨੇ ਕਿਹਾ ਕਿ ਸਿੱਖਿਆ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਨਵੇਂ ਵਿੱਦਿਅਕ ਵਰ੍ਹੇ ਦੀਆਂ ਕਿਤਾਬਾਂ ਸਕੂਲਾਂ 'ਚ ਮਾਰਚ ਮਹੀਨੇ 'ਚ ਪਹੁੰਚਾਉਣ ਦੇ ਫੋਕੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। 
ਉਨ੍ਹਾਂ ਨੇ ਕਿਹਾ ਕਿ ਅੱਜ ਅਪ੍ਰੈਲ ਮਹੀਨਾ ਵੀ ਅੱਧੇ ਤੋਂ ਜ਼ਿਆਦਾ ਨਿਕਲ ਚੁੱਕਾ ਹੈ ਅਤੇ ਬੱਚਿਆਂ ਦੀਆਂ ਕਿਤਾਬਾਂ ਦੇ ਸਾਰੇ ਟਾਇਟਲ ਅਜੇ ਤੱਕ ਵੀ ਸਕੂਲਾਂ ਅੰਦਰ ਨਹੀਂ ਪਹੁੰਚੇ, ਖਾਸ ਕਰਕੇ ਨਵੇਂ ਦਾਖਲ ਹੋਣ ਵਾਲੇ ਵਿਦਿਆਂਰਥੀਆਂ ਲਈ ਪੁਸਤਕਾਂ ਸਕੂਲਾਂ 'ਚ ਉਪਲੱਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਮਿਹਨਤਕਸ਼ ਅਧਿਆਪਕਾਂ ਵੱਲੋਂ ਆਪਣੇ ਨਿੱਜੀ ਉਪਰਾਲਿਆਂ ਸਦਕਾ ਪ੍ਰਾਈਵੇਟ ਸਕੂਲਾਂ 'ਚੋਂ ਬੱਚੇ ਹਟਾ ਕੇ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਏ ਗਏ ਹਨ ਪਰ ਸਰਕਾਰ ਵੱਲੋਂ ਕਿਤਾਬਾਂ ਸਮੇਂ ਸਿਰ ਨਾ ਪਹੁੰਚਾਉਣ ਕਰਕੇ ਉਹੀ ਵਿਦਿਆਰਥੀ ਵਾਪਸ ਪ੍ਰਾਈਵੇਟ ਸਕੂਲਾਂ ਵੱਲ ਮੁੜ ਰਹੇ ਹਨ। 
ਉਕਤ ਆਗੂਆਂ ਨੇ ਮੰਗ ਕੀਤੀ ਕਿ ਰਹਿੰਦੀਆਂ ਕਿਤਾਬਾਂ ਜਲਦ ਤੋਂ ਜਲਦ ਸਕੂਲਾਂ ਤੱਕ ਪੁੱਜਦੀਆਂ ਕੀਤੀਆਂ ਜਾਣ। ਨਾਲ ਹੀ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ ਦੀ ਗ੍ਰਾਂਟ ਵੀ ਸੈਸ਼ਨ ਦੇ ਸ਼ੁਰੂ 'ਚ ਹੀ ਦਿੱਤੀ ਜਾਵੇ ਅਤੇ ਇਸ ਗ੍ਰਾਂਟ ਦੀ ਰਾਸ਼ੀ 'ਚ ਵੀ ਵਾਧਾ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਖਰਲ, ਜਗਤਜੀਤ ਸਿੰਘ, ਸੁਖਵਿੰਦਰ ਸਿੰਘ ਸਹੋਤਾ, ਗੁਰਜੀਤ ਸਿੰਘ ਨਿੱਝਰ, ਵਿਜੇ ਕੁਮਾਰ ਕਲਸੀ, ਸਰਬਜੀਤ ਸਿੰਘ ਚੱਕਰਾਜੂ, ਭਗਵਾਨ ਦਾਸ ਤਲਵਾੜਾ, ਸੁਭਾਸ਼ ਚੰਦਰ, ਅਮਰਜੀਤ ਸਿੰਘ ਨੌਸ਼ਹਿਰਾ, ਅਮਰਜੀਤ ਸਿੰਘ ਦਸੂਹਾ, ਇਕਬਾਲ ਸਿੰਘ ਦਸੂਹਾ, ਅਤਰ ਸਿੰਘ ਮੰਝਪੁਰ, ਸੁਖਦੇਵ ਸਿੰਘ ਖਾਲਸਾ, ਜਸਵੀਰ ਸਿੰਘ ਕਹਾਰਪੁਰੀ, ਸਰਬਜੀਤ ਸਿੰਘ ਗੜ੍ਹਸ਼ੰਕਰ, ਕੁਲਵੰਤ ਸਿੰਘ ਗੜ੍ਹਸ਼ੰਕਰ, ਨਵਜਿੰਦਰ ਮੋਹਣ ਸਿੰਘ, ਅਮਰਜੀਤ ਸਿੰਘ ਨਰਿਆਲ, ਮਹਿੰਦਰ ਸਿੰਘ ਬੁੱਲ੍ਹੋਵਾਲ, ਸੁਰਿੰਦਰ ਸਿੰਘ ਸੋਢੀ, ਜਗਵਿੰਦਰ ਸਿੰਘ ਤੇ ਹੋਰ ਆਗੂ ਹਾਜ਼ਰ ਸਨ ।