ਦੋ ਸਾਲਾਂ ਤੋਂ ਢਹਿ ਢੇਰੀ ਹੋਈ ਸਕੂਲ ਦੀ ਬਿਲਡਿੰਗ ਦੀ ਕਿਸੇ ਅਧਿਕਾਰੀ ਨੇ ਨਹੀਂ ਲਈ ਸਾਰ

08/23/2017 3:26:54 PM


ਬੁਢਲਾਡਾ(ਮਨਜੀਤ)—ਕੈਪਟਨ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ 'ਚ ਵੱਡੀ ਪੱਧਰ 'ਤੇ ਮੱਲਾਂ ਮਾਰਨ ਦੀਆਂ ਬਿਆਨਬਾਜੀਆਂ ਸਿਖਰਾਂ 'ਤੇ ਹਨ ਪਰ ਬੁਢਲਾਡਾ ਸ਼ਹਿਰ ਦਾ ਇੱਕੋ-ਇੱਕ ਸਰਕਾਰੀ ਸੀਨੀਅਰੀ ਸੈਕੰਡਰੀ ਸਕੂਲ (ਲੜਕੇ) ਜੋ ਸ਼ਹਿਰ ਦਾ ਇੱਕੋ-ਇਕ ਨਾਮਵਰ ਸਕੂਲ ਹੈ। ਜਿਸ ਵਿੱਚ ਹੁਣ ਵੀ 700 ਦੇ ਕਰੀਬ ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ ਪਰ ਇਸ ਦੀ ਪਿਛਲੇ ਦੋ ਸਾਲਾਂ ਤੋਂ ਢਹਿ ਢੇਰੀ ਕੀਤੀ ਆਲੀਸ਼ਾਨ ਬਿਲਡਿੰਗ ਦੀ ਅਜੇ ਤੱਕ ਕਿਸੇ ਅਧਿਕਾਰੀ ਨੇ ਸਾਰ ਲੈਣ ਲਈ ਸਕੂਲ ਵੱਲ ਕਦਮ ਨਹੀਂ ਪੁੱਟੇ ਜਾ ਰਹੇ। ਜਿਸ ਕਾਰਨ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰੀ ਕੌਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ, ਪੰਚਾਇਤ ਯੂਨੀਅਨ ਜ਼ਿਲਾ ਮਾਨਸਾ ਦੇ ਪ੍ਰਧਾਨ ਸਰਪੰਚ ਬੂਟਾ ਸਿੰਘ ਝਲਬੂਟੀ, ਸਰਕਲ ਬੁਢਲਾਡਾ ਦੇ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਨੇ ਕਿਹਾ ਕਿ ਅੱਤ ਦੀ ਗਰਮੀ 'ਚ ਹਵਾਦਾਰ ਖੁੱਲ੍ਹੀ ਬਿਲਡਿੰਗ ਨਾ ਹੋਣ ਕਾਰਨ ਪੜ੍ਹਾਈ ਕਰਨਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪੜ੍ਹਾਉਣਾ ਬਹੁਤ ਹੀ ਔਖਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੁਰੰਤ ਹੁਕਮ ਕਰਨ ਕਿ ਢਹਿ ਢੇਰੀ ਹੋਈ ਬਿਲਡਿੰਗ ਨੂੰ ਨਵੇਂ ਸਿਰੇ ਤੋਂ ਉਸਾਰ ਦਿੱਤੀ ਜਾਵੇ ਤਾਂ ਕਿ ਵਿਦਿਆਰਥੀ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਕਰਕੇ ਆਪਣਾ ਭਵਿੱਖ ਸੁਧਾਰ ਸਕਣ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਹੁ ਗਿਣਤੀ ਉਨ੍ਹਾਂ ਬੱਚਿਆਂ ਦੀ ਹੈ ਜਿਨ੍ਹਾਂ ਦੇ ਮਾਤਾ-ਪਿਤਾ ਪ੍ਰਾਈਵੇਟ ਸਕੂਲਾਂ ਦਾ ਬੋਜ ਨਹੀ ਝੱਲ ਸਕਦੇ।