ਜੇਕਰ ਸਰਕਾਰ ਨੇ ਤਨਖਾਹ ਜਾਰੀ ਨਾ ਕੀਤੀ ਤਾਂ ਕਰਾਂਗਾ ਆਤਮਹੱਤਿਆ : ਤਰਸੇਮ ਮਸੀਹ (ਵੀਡੀਓ)

03/18/2018 12:13:06 PM

ਅਜਨਾਲਾ (ਰਮਨਦੀਪ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਅਨੁਸਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ ਸਗੋਂ ਵੱਖ-ਵੱਖ ਵਿਭਾਗਾਂ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਰੋਜ਼ੀ-ਰੋਟੀ ਦੇ ਲਾਲੇ ਪੈ ਗਏ ਹਨ। ਕੁਝ ਮੁਲਾਜ਼ਮ ਤਾਂ ਸਰਕਾਰ ਤੋਂ ਇਸ ਕਦਰ ਦੁੱਖੀ ਹਨ ਕਿ ਤਨਖਾਹਾਂ ਨਾ ਮਿਲਣ ਦੀ ਸੂਰਤ 'ਚ ਪਰਿਵਾਰ ਸਮੇਤ ਖੁਦਕੁਸ਼ੀਆਂ ਕਰਨ ਦੀ ਤਿਆਰੀ ਕਰੀ ਬੈਠੇ ਹਨ। ਇਸ ਦੀ ਮਿਸਾਲ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਜਨਾਲਾ ਦੇ ਦਫਤਰ ਵਿਖੇ ਪੰਚਾਇਤ ਸੰਮਤੀ ਕਲਰਕ ਵਜੋਂ ਡਿਊਟੀ ਨਿਭਾਅ ਰਹੇ ਤਰਸੇਮ ਮਸੀਹ ਤੋਂ ਮਿਲਦੀ ਹੈ, ਜਿਸ ਨੇ ਸਰਕਾਰ ਤੋਂ ਦੁਖੀ ਹੋ ਕੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਅਤੇ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਕੋਲੋਂ ਆਪਣੀ ਤਨਖਾਹ ਜਾਰੀ ਕਰਨ ਦੀ ਮੰਗ ਕਰਦਿਆਂ ਪੰਚਾਇਤ ਸੰਮਤੀ ਕਲਰਕ ਤਰਸੇਮ ਮਸੀਹ ਨੇ ਕਿਹਾ ਕਿ ਉਹ ਗੁਰਦਿਆਂ ਦੀ ਭਿਆਨਕ ਬੀਮਾਰੀ ਤੋਂ ਪੀੜਤ ਹੈ। ਪਛਲੇ ਲੰਬੇ ਸਮੇਂ ਤੋਂ ਵੱਖ-ਵੱਖ ਬੈਂਕਾਂ ਅਤੇ ਰਿਸ਼ਤੇਦਾਰਾਂ ਤੋਂ ਵਿਆਜ 'ਤੇ ਪੈਸੇ ਲੈ ਕੇ ਆਪਣਾ ਇਲਾਜ ਤੇ ਘਰ ਦਾ ਗੁਜ਼ਾਰਾ ਕਰ ਰਿਹਾ ਹਾਂ। ਉਸ ਨੇ ਦੱਸਿਆ ਕਿ ਮੇਰੇ ਸਿਰ 'ਤੇ ਇਸ ਵੇਲੇ ਕਰੀਬ 14 ਲੱਖ ਰੁਪਏ ਦਾ ਕਰਜ਼ਾ ਹੈ। ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਘਰ ਦਾ ਰੋਟੀ-ਪਾਣੀ ਚਲਾਉਣਾ ਬਹੁਤ ਮੁਸ਼ਕਲ ਹੋਇਆ ਹੈ। ਲੰਮੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਹੋਣ ਅਤੇ ਬਹੁਤ ਵੱਧ ਪੈਸਾ ਬੀਮਾਰੀ 'ਤੇ ਖਰਚ ਹੋਣ ਕਰ ਕੇ ਇਸ ਸਮੇਂ ਮੈਂ ਬਹੁਤ ਦੁੱਖ ਭਰੀ ਜ਼ਿੰਦਗੀ ਜੀਅ ਰਿਹਾ ਹਾਂ।
ਉਸ ਨੇ ਕਿਹਾ ਕਿ ਸਰਕਾਰ ਨੇ ਜੇਕਰ ਮੈਨੂੰ ਜਲਦੀ 4 ਮਹੀਨਿਆਂ ਦੀ ਬਣਦੀ ਤਨਖਾਹ ਨਾ ਦਿੱਤੀ ਤਾਂ ਆਤਮਹੱਤਿਆ ਕਰਨ ਤੋਂ ਬਿਨਾਂ ਮੈਨੂੰ ਹੋਰ ਕੋਈ ਰਾਸਤਾ ਨਜ਼ਰ ਨਹੀਂ ਆਉਂਦਾ। ਜੇਕਰ ਮੈਂ ਮਜਬੂਰ ਹੋ ਕੇ ਆਤਮਹੱਤਿਆ ਕਰਦਾ ਹਾਂ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪੰਚਾਇਤ ਵਿਭਾਗ ਦੀ ਹੋਵੇਗੀ।