ਸਰਕਾਰੀ ਰਾਜਿੰਦਰਾ ਹਸਪਤਾਲ ਦੀ ਸਹਾਇਕ ਪ੍ਰੋਫੈਸਰ ਹਰਸ਼ਿੰਦਰ ਕੌਰ ਸਸਪੈਂਡ

05/22/2019 9:42:37 AM

ਪਟਿਆਲਾ (ਬਲਜਿੰਦਰ)—ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਦੀ ਬੱਚਾ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਹਰਸ਼ਿੰਦਰ ਕੌਰ ਨੂੰ ਵਧੀਕ ਮੁੱਖ ਸਕੱਤਰ ਮੈਡੀਕਲ ਤੇ ਖੋਜ ਵਿਭਾਗ ਸਤੀਸ਼ ਚੰਦਰਾ ਨੇ ਤਤਕਾਲ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਇਸ ਦੌਰਾਨ ਉਹ ਹੈੱਡ ਕੁਆਰਟਰ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ ਦੇ ਦਫ਼ਤਰ ਵਿਖੇ ਆਪਣੀ ਹਾਜ਼ਰੀ ਦੇਣਗੇ। ਸਤੀਸ਼ ਚੰਦਰਾ ਵੱਲੋਂ ਮੈਡੀਕਲ ਸੁਪਰਡੈਂਟ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਰਿਪੋਰਟ ਦੇ ਆਧਾਰ 'ਤੇ ਹਰਸ਼ਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ। ਆਪਣੇ ਹੁਕਮ ਵਿਚ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਓ. ਪੀ. ਡੀ. ਦੌਰਾਨ ਓ. ਪੀ. ਡੀ. ਰੂਮ ਵਿਚ ਡਾ. ਹਰਸ਼ਿੰਦਰ ਕੌਰ ਵੱਲੋਂ ਪ੍ਰਾਈਵੇਟ ਲੈਬਾਰਟਰੀਆਂ ਦੇ ਨੁਮਾਇੰਦੇ ਬਿਠਾਏ ਜਾਂਦੇ ਸਨ। ਮਰੀਜ਼ਾਂ ਨੂੰ ਉਹ ਪ੍ਰਾਈਵੇਟ ਲੈਬਾਰਟਰੀਆਂ ਤੋਂ ਟੈਸਟ ਕਰਵਾਉਣ ਲਈ ਮਜਬੂਰ ਕਰਦੀ ਹੈ, ਜੋ ਕਿ ਘੋਰ ਅਤੇ ਅਣਗਹਿਲੀ ਭਰਿਆ ਵਰਤਾਰਾ ਹੈ। ਇਸ ਨੂੰ ਦੇਖਦਿਆਂ ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਂਦਾ ਹੈ।

ਨੋਡਲ ਅਧਿਕਾਰੀ ਦਾ ਅਹੁਦਾ ਵੀ ਗੁਆਇਆ
ਦੂਜੇ ਪਾਸੇ ਸਸਪੈਂਡ ਹੋਣ ਤੋਂ ਬਾਅਦ ਡਾ. ਹਰਸ਼ਿੰਦਰ ਕੌਰ ਨੇ ਰਾਸ਼ਟਰੀ ਬਾਲ ਸੁਰੱਖਿਆ ਕਾਰਜਕ੍ਰਮ (ਆਰ. ਬੀ. ਐੈੱਸ. ਕੇ.) ਰਾਜਿੰਦਰਾ ਹਸਪਤਾਲ ਦੇ ਨੋਡਲ ਅਧਿਕਾਰੀ ਦਾ ਅਹੁਦਾ ਵੀ ਗੁਆ ਲਿਆ ਹੈ। ਉਨ੍ਹਾਂ ਦੀ ਥਾਂ ਹੁਣ ਮੈਡੀਕਲ ਕਾਲਜ ਪਟਿਆਲਾ ਦੇ ਬੱਚਾ ਵਿਭਾਗ ਦੇ ਪ੍ਰੋਫੈਸਰ ਪ੍ਰਵੀਨ ਮਿੱਤਲ ਨੂੰ ਆਰ. ਬੀ. ਐੈੱਸ. ਕੇ. ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ ਓ. ਪੀ. ਡੀ. ਅਤੇ ਬੱਚਿਆਂ ਦੇ ਆਰ. ਬੀ. ਐੈੱਸ. ਕੇ. ਤਹਿਤ ਕੀਤੇ ਜਾਣ ਵਾਲੇ ਟ੍ਰੀਟਮੈਂਟ ਦਾ ਕੰਮ-ਕਾਰ ਦੇਖਣਗੇ।
ਇਥੇ ਇਹ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਡਾ. ਹਰਸ਼ਿੰਦਰ ਕੌਰ ਦੇ ਕਮਰੇ ਵਿਚ ਪ੍ਰਾਈਵੇਟ ਲੈਬਾਰਟਰੀਆਂ ਦੇ ਨੁਮਾਇੰਦਿਆਂ ਦੇ ਬੈਠਣ ਨੂੰ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਚੈਕਿੰਗ ਕੀਤੀ ਗਈ ਸੀ। ਇਸੇ ਸਬੰਧੀ ਉਨ੍ਹਾਂ ਆਪਣੀ ਰਿਪੋਰਟ ਹਾਇਰ ਅਥਾਰਿਟੀ ਨੂੰ ਭੇਜੀ ਸੀ। ਇਸੇ ਆਧਾਰ 'ਤੇ ਡਾਕਟਰ ਹਰਸ਼ਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ।

ਮੇਰੇ ਖਿਲਾਫ਼ ਵੱਡੀ ਸਾਜ਼ਿਸ਼ : ਡਾ. ਹਰਸ਼ਿੰਦਰ ਕੌਰ
ਇਸ ਸਬੰਧੀ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਇਕ ਵੱਡੀ ਸਾਜ਼ਿਸ਼ ਘੜੀ ਗਈ ਹੈ। ਉਨ੍ਹਾਂ ਨਾ ਤਾਂ ਕਦੇ ਕਿਸੇ ਮਰੀਜ਼ ਨੂੰ ਪ੍ਰਾਈਵੇਟ ਲੈਬਾਰਟਰੀਆਂ ਤੋਂ ਟੈਸਟ ਕਰਵਾਉਣ ਲਈ ਮਜਬੂਰ ਕੀਤਾ ਹੈ ਅਤੇ ਨਾ ਹੀ ਪ੍ਰਾਈਵੇਟ ਲੈਬਾਰਟਰੀਆਂ ਵਾਲਿਆਂ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ ਹੈ। ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਇਸ ਨੂੰ ਲੈ ਕੇ ਉਹ ਪਹਿਲਾਂ ਹੀ ਮੈਡੀਕਲ ਸੁਪਰਡੈਂਟ ਨੂੰ ਮਾਣਹਾਨੀ ਦਾ ਨੋਟਿਸ ਭੇਜ ਚੁੱਕੇ ਹਨ ਤਾਂ ਜੋ ਉਨ੍ਹਾਂ ਨੂੰ ਹੋਰ ਦਬਾਇਆ ਜਾ ਸਕੇ। ਇਸ ਲਈ ਉਨ੍ਹਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ। ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਸਮੁੱਚਾ ਪੰਜਾਬ ਜਾਣਦਾ ਹੈ ਕਿ ਉਹ ਪਿਛਲੇ 20 ਸਾਲਾਂ ਤੋਂ ਲੋਕ ਸੇਵਾ ਕਰ ਰਹੇ ਹਨ।

Shyna

This news is Content Editor Shyna