ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

10/21/2017 7:02:45 PM

ਗੁਰਾਇਆ(ਮੁਨੀਸ਼)— ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਜੋ ਨਾਦਰਸ਼ਾਹੀ ਅਤੇ ਸਿੱਖਿਆ ਵਿਰੋਧੀ ਹੁਕਮ ਜਾਰੀ ਕੀਤਾ ਗਿਆ ਹੈ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਸਰਕਾਰੀ ਟੀਚਰਜ਼ ਯੂਨੀਅਨ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਮੇਨ ਚੌਂਕ ਗੁਰਾਇਆ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਨਾਲ ਹੀ ਸਿੱਖਿਆ ਮੰਤਰੀ ਦੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ 800 ਸਰਕਾਰੀ ਪ੍ਰਾਇਮਰੀ ਸਕੂਲ ਇਸ ਸਾਲ ਬੰਦ ਹੁੰਦੇ ਹਨ ਤਾਂ ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਵੀ ਬੱਚਿਆ ਦੀ ਗਿਣਤੀ ਦੇ ਆਧਾਰ 'ਤੇ ਬੰਦ ਕੀਤੇ ਜਾਣ ਦੀ ਤਜ਼ਬੀਜ਼ ਹੈ, ਜੋ ਪ੍ਰਾਇਮਰੀ ਸਕੂਲਾਂ ਉਪੱਰ ਸਭ ਤੋ ਪਹਿਲਾ ਲਾਗੂ ਕੀਤੀ ਗਈ ਹੈ। ਪ੍ਰਾਇਮਰੀ ਸਕੂਲਾਂ ਦੇ ਬੱਚੇ 4-11 ਸਾਲ ਤੱਕ ਦੇ ਹਨ, ਜਿਨ੍ਹਾਂ ਦਾ 5 ਕਿਲੋਂਮੀਟਰ ਤੱਕ ਜਾਣਾ ਅਸੰਭਵ ਹੈ। ਇਸ ਤਰਾਂ ਇਹ ਫੈਸਲਾ ਮਾਸੂਮ ਬੱਚਿਆਂ ਦੇ ਹੱਥੋਂ ਸਿੱਖਿਆ ਖੋਹਣ ਦੀ ਕੋਝੀ ਸਾਜਿਸ਼ ਹੈ। ਸਰਕਾਰੀ ਸਕੂਲ ਤਾਂ ਪਹਿਲਾ ਹੀ ਸਰਕਾਰ ਦੀਆਂ ਅਧਿਆਪਕ ਅਤੇ ਸਿੱਖਿਆਂ ਵਿਰੋਧੀ ਨੀਤੀਆਂ ਜਿਵੇਂ ਕਿਤਾਬਾਂ ਦਾ ਸਮੇਂ ਸਿਰ ਸਕੂਲਾਂ ਵਿੱਚ ਨਾ ਪਹੁੰਚਣਾ, ਅਧਿਆਪਕਾ ਦੀ ਕਮੀ, ਪੱਕੀ ਭਰਤੀ ਨਾ ਕਰਨਾ, ਅਧਿਆਪਕਾ ਨੂੰ ਗੈਰ ਵਿਦਿਅਕ ਕੰਮਾਂ ਵਿੱਚ ਲਾਉਣਾ ਆਦਿ ਦਾ ਸੰਤਾਪ ਹੰਡਾ ਰਹੇ ਹਨ। ਸਕੂਲ ਬੰਦ ਕਰਨ ਦੀ ਨੀਤੀ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੂਰੀ ਤਰਾਂ ਨਾਲ ਘਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਗਰੀਬ ਅਤੇ ਮਿਹਨਤੀ ਲੋਕਾਂ ਦੇ ਬੱਚੇ ਸਿੱਖਿਆਂ ਤੋਂ ਵਾਂਝੇ ਰਹਿ ਜਾਣਗੇ ਜੋਕਿ ਸਰਕਾਰ ਦੀ ਇਕ ਪਾਲਿਸੀ ਹੈ। 
ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਲਾ ਜਲੰਧਰ ਵਿੱਚ 54 ਪ੍ਰਾਇਮਰੀ ਸਕੂਲ ਬੰਦ ਕੀਤੇ ਜਾ ਰਹੇ ਹਨ ਅਤੇ ਬਲਾਕ ਗੁਰਾਇਆ-1 ਦੇ 7 ਸਕੂਲ, ਜਿਨ੍ਹਾਂ 'ਚ ਲੁਹਾਰਾ, ਆਦੇਕਾਲੀ, ਸੂਰਜਾ, ਦੰਦੂਵਾਲ, ਚੱਕ ਧੋਥੜਾਂ, ਲਾਂਗੜੀਆਂ ਅਤੇ ਜੰਡ ਸ਼ਾਮਲ ਹਨ ਜਦਕਿ ਗੁਰਾਇਆ-2 ਬਲਾਕ ਵਿੱਚ 3 ਸਕੂਲ ਨਾਨੋ ਮਜ਼ਾਰਾ, ਚੀਮਾ ਕਲਾਂ ਅਤੇ ਚੱਕ ਦੇਸਰਾਜ ਦੇ ਨਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਛੋਟੋ ਛੋਟੋ ਸਿੱਖਿਆਰਥੀਆਂ ਅਤੇ ਅਧਿਆਪਕਾਂ ਨੂੰ ਇਹ ਦੀਵਾਲੀ ਦਾ ਸਭ ਮੰਦਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਚੋਣ ਮੈਨੀਫੈਸਟੋ ਵਿੱਚ ਹਰ ਘਰ ਨੌਕਰੀ ਦੇਣ ਵਾਲੀ ਸਰਕਾਰ ਦੇ ਇਸ ਫੈਸਲੇ ਨੇ ਕਈਆਂ ਦੇ ਰੋਜ਼ਗਾਰ ਖੋਹ ਲਏ ਹਨ। ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਇਸ ਫੈਸਲੇ ਦੀਆਂ ਮਾਰੂ ਨੀਤੀਆਂ ਨੂੰ ਦੇਖਦੇ ਹੋਏ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਸਕੂਲ ਬੰਦ ਕਰਨ ਦਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਬਲਾਕ, ਜਿਲਾ, ਤਹਿਸੀਲ ਅਤੇ ਪੰਜਾਬ ਪੱਧਰ ਤੇ ਇਸ ਤਰਾਂ ਦੇ ਰੋਸ ਮੁਜ਼ਾਰਹੇ ਕੀਤੇ ਜਾਣਗੇ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। 
ਇਸ ਮੌਕੇ ਕੇਵਲ ਰਾਮ ਰੌਸ਼ਨ, ਕਰਨੈਲ ਸਿੰਘ ਫਿਲੌਰ, ਪ੍ਰੇਮ ਪਾਲ, ਅਮਰਜੀਤ ਸਿੰਘ ਮਹਿਮੀ, ਬਲਵੀਰ ਕੁਮਾਰ, ਰਣਜੀਤ ਸਿੰਘ, ਜੀਵਨ ਲਾਲ, ਸੁਦਾਗਰ ਰਾਮ, ਅਮਨ ਕੁਮਾਰ, ਪ੍ਰੇਮ ਲਾਲ, ਸੁਖਜਿੰਦਰ ਸਿੰਘ, ਅਸ਼ੋਕ ਕੁਮਾਰ, ਚਰਨਜੀਤ, ਧਰਮਿੰਦਰਜੀਤ, ਕੁਲਦੀਪ ਸਿੰਘ ਕੌੜਾ, ਭੁਪਿੰਦਰ ਕੌਰ, ਜੀਵਨ ਕੁਮਾਰੀ, ਦੀਪਿਕਾ, ਸੀਮਾ ਰਾਣੀ, ਰਜਨੀ, ਰੇਖਾ ਮਹਿਤਾ, ਦਰਸ਼ਨਾ ਕੁਮਾਰੀ, ਮਧੂ ਬਾਲਾ, ਨੀਰਜ਼ ਕੁਮਾਰੀ, ਨਵਜੋਤ, ਮਨਜਿੰਦਰ ਕੌਰ ਤੋਂ ਇਲਾਵਾ ਮਿਡ-ਡੇ ਮੀਲ ਕੁੱਕ ਕੁਲਦੀਪ ਕੌਰ, ਸਵੀਟੀ, ਮਨਜੀਤ ਕੌਰ, ਬਖਸ਼ੋ, ਕੁਲਵਿੰਦਰ ਕੌਰ, ਜਸਵਿੰਦਰ ਕੌਰ ਤੋਂ ਇਲਾਵਾ ਹੋਰ ਮੌਜੂਦ ਸਨ।