ਸਰਕਾਰੀ ਹੁਕਮਾਂ ਦੇ ਬਾਵਜੂਦ ਫਰਜ਼ੀ ਟਰੈਵਲ ਏਜੰਟ ਬਿਨਾਂ ਰਜਿਸਟ੍ਰੇਸ਼ਨ ਦੇ ਰਹੇ ਹਨ ਵਿਦੇਸ਼ ਭੇਜਣ ਦਾ ਝਾਂਸਾ

06/24/2017 3:08:24 PM

ਕਪੂਰਥਲਾ (ਭੂਸ਼ਣ)— ਸੂਬਾ ਸਰਕਾਰ ਵਲੋਂ ਕਬੂਤਰਬਾਜ਼ੀ ਦੇ ਧੰਦੇ ਨੂੰ ਰੋਕਣ ਲਈ ਅਤੇ ਬਿਨਾਂ ਸਰਕਾਰੀ ਰਜਿਸਟਰੇਸ਼ਨ ਦੇ ਕੰਮ ਕਰ ਰਹੇ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਐਲਾਨ ਦੇ ਬਾਵਜੂਦ ਜ਼ਿਲਾ ਕਪੂਰਥਲਾ 'ਚ ਵੱਡੀ ਗਿਣਤੀ 'ਚ ਅਜਿਹੇ ਫਰਜ਼ੀ ਟਰੈਵਲ ਏਜੰਟ ਕੰਮ ਕਰ ਰਹੇ ਹਨ, ਜਿਨ੍ਹਾਂ ਕੋਲ ਨਾ ਤਾਂ ਸਰਕਾਰੀ ਤੌਰ 'ਤੇ ਰਜਿਸਟਰੇਸ਼ਨ ਹੈ ਨਾ ਹੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਕੋਲ ਕੋਈ ਸਥਾਈ ਪਤਾ ਹੈ। ਹਾਲਾਂਕਿ ਵੀਰਵਾਰ ਨੂੰ ਡੀ. ਸੀ ਕਪੂਰਥਲਾ ਮੁਹੰਮਦ ਤੈਯਬ ਨੇ ਇਕ ਲਿਖਤੀ ਹੁਕਮ ਜਾਰੀ ਕਰ ਕੇ ਲੋਕਾਂ ਨੂੰ ਮਾਨਤਾ ਪ੍ਰਾਪਤਾ ਟਰੈਵਲ ਏਜੰਟਾਂ ਜ਼ਰੀਏ ਹੀ ਵਿਦੇਸ਼ ਜਾਣ ਦੀ ਸਲਾਹ ਦਿੰਦੇ ਹੋਏ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਹੀ ਹੈ। 
2012 'ਚ ਲਾਗੂ ਹੋਇਆ ਸੀ ਕਾਨੂੰਨ, ਫਿਰ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ ਧੋਖਾਧੜੀ ਦੇ ਮਾਮਲੇ
ਸੂਬਾ ਸਰਕਾਰ ਨੇ ਵੱਖ-ਵੱਖ ਜ਼ਿਲਿਆਂ 'ਚ ਸਰਗਰਮ ਏਜੰਟਾਂ ਦੀਆਂ ਗੀਤੀਵਿਧੀਆਂ ਕਾਰਨ ਵੱੱਡੀ ਗਿਣਤੀ 'ਚ ਨੌਜਵਾਨਾਂ ਦੇ ਕਰੋੜਾਂ ਰੁਪਏ ਡੁੱਬਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜੇ ਗਏ ਕਈ ਨੌਜਵਾਨਾਂ ਦੇ ਲਾਪਤਾ ਹੋ ਜਾਣ ਕਾਰਨ ਜਨਤਾ 'ਚ ਫੈਲੇ ਰੋਸ ਨੂੰ ਦੇਖਦੇ ਹੋਏ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਕਾਨੂੰਨ ਬਣਾਉਂਦੇ ਹੋਏ ਬਿਨਾਂ ਰਜਿਸਟ੍ਰੇਸ਼ਨ ਵਿਦੇਸ਼ ਭੇਜਣ ਦਾ ਧੰਦਾ ਕਰਨ 'ਤੇ ਸਖਤੀ ਨਾਲ ਰੋਕ ਲਗਾ ਦਿੱਤੀ ਸੀ ਅਤੇ ਟਰੈਵਲ ਏਜੰਟ ਦਾ ਕੰਮ ਕਰਨ ਲਈ ਆਪਣੇ-ਆਪਣੇ ਜ਼ਿਲਿਆਂ 'ਚ ਰਜਿਸਟ੍ਰੇਸ਼ਨ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਵੀ ਜ਼ਿਲਾ ਕਪੂਰਥਲਾ 'ਚ ਬਹੁਤ ਘੱਟ ਏਜੰਟਾਂ ਨੇ ਪ੍ਰਸ਼ਾਸਨ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਕਾਰਨ ਅਜਿਹੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਜੇਕਰ ਕਪੂਰਥਲਾ ਪੁਲਸ ਵਲੋਂ 2012 ਤੋਂ ਲਾਗੂ ਹੋਏ ਇਸ ਕਾਨੂੰਨ ਦੇ ਬਾਅਦ ਫਰਜ਼ੀ ਏਜੰਟਾਂ ਨੂੰ ਲੈ ਕੇ ਦਰਜ ਮਾਮਲਿਆਂ ਵੱਲ ਝਾਤ ਮਾਰੀ ਜਾਵੇ ਤਾਂ ਕਾਨੂੰਨ ਦੇ ਲਾਗੂ ਹੋਣ ਦੇ ਬਾਵਜੂਦ ਵੀ ਪੁਲਸ ਵੱਖ-ਵੱਖ ਫਰਜ਼ੀ ਏਜੰਟਾਂ ਵਿਰੁੱਧ 80 ਦੇ ਕਰੀਬ ਮਾਮਲੇ ਦਰਜ ਕਰ ਚੁੱਕੀ ਹੈ, ਜਿਨ੍ਹਾਂ 'ਚ ਪੀੜਤਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਨਾ ਪੈਂਦਾ ਹੈ। 
ਪੁਲਸ ਤੇ ਸਿਵਲ ਪ੍ਰਸ਼ਾਸਨ 'ਚ ਤਾਲਮੇਲ ਦੀ ਕਮੀ, ਨੁਕਸਾਨ ਜਨਤਾ ਨੂੰ
ਪੰਜਾਬ ਸਰਕਾਰ ਵਲੋਂ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਬਣਾਏ ਗਏ ਕਾਨੂੰਨ ਨੂੰ ਅਮਲੀਜਾਮਾ ਪਹਿਨਾਉਣ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਪੁਲਸ ਅਤੇ ਸਿਵਲ ਪ੍ਰਸ਼ਾਸਨ 'ਚ ਤਾਲਮੇਲ ਦੀ ਭਾਰੀ ਕਮੀ ਕਾਰਨ ਅਜੇ ਤੱਕ ਜਿਥੇ ਟਰੈਵਲ ਏਜੰਟਾਂ ਦੀ ਚਾਂਦੀ ਹੋ ਰਹੀ ਹੈ ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਿਲੇ ਭਰ 'ਚ ਅਜਿਹੀ ਚੈਕਿੰਗ ਮੁਹਿੰਮ ਚਲਾ ਕੇ ਇਨ੍ਹਾਂ ਵਿਰੁੱਧ ਕਾਰਵਾਈ ਦੀ ਸ਼ੁਰੂਆਤ ਵੀ ਨਹੀਂ ਕੀਤੀ ਹੈ। ਜਿਸ ਦਾ ਸਿੱਧਾ ਲਾਭ ਉਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਨੂੰ ਮਿਲ ਜਾਂਦਾ ਹੈ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਰਕਮ ਠੱਗਣ ਦੇ ਬਾਅਦ ਆਪਣਾ ਠਿਕਾਣਾ ਬਦਲ ਕੇ ਫਰਾਰ ਹੋ ਜਾਂਦੇ ਹਨ। ਇਸ ਦਾ ਸਿੱਧਾ ਨੁਕਸਾਨ ਜਨਤਾ ਨੂੰ ਭੁਗਤਣਾ ਪੈਂਦਾ ਹੈ। ਉਥੇ ਹੀ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਬਣਾਏ ਗਏ ਇਸ ਤਰ੍ਹਾਂ ਦੇ ਕਾਨੂੰਨ ਦੇ ਸਬੰਧ 'ਚ ਲੋਕਾਂ ਨੂੰ ਵੀ ਸਹੀ ਜਾਣਕਾਰੀ ਨਹੀਂ ਹੈ, ਜਿਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਲੋਂ ਵੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਗਰੂਕ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। 
ਕੀ ਕਹਿੰਦੇ ਹਨ ਡੀ. ਸੀ
ਇਸ ਸਬੰਧ 'ਚ ਜਦੋਂ ਡੀ. ਸੀ ਮੁਹੰਮਦ ਤੈਯਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਬਣਾਏ ਗਏ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅਜਿਹੇ ਏਜੰਟਾਂ ਵਿਰੁੱਧ ਪੁਲਸ ਦੀ ਮਦਦ ਨਾਲ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਕੀ ਕਹਿੰਦੇ ਹਨ ਐਸ. ਐਸ. ਪੀ
ਇਸ ਸਬੰਧ 'ਚ ਜਦੋਂ ਐਸ. ਐਸ. ਪੀ ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਰਜ਼ੀ ਟਰੈਵਲ ਏਜੰਟਾਂ ਦੀਆਂ ਗਤੀਵਿਧੀਆਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਬਿਨਾਂ ਰਜਿਸਟ੍ਰੇਸ਼ਨ ਦੇ ਕੰਮ ਕਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।