ਪੰਜਾਬ ਸਰਕਾਰ ਨੇ ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

07/04/2020 7:50:28 PM

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੂਬੇ 'ਚ ਯੂਨੀਵਰਸਿਟੀ ਤੇ ਕਾਲਜ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਵੇਲੇ ਕੁੱਝ ਯੂਨੀਵਰਸਿਟੀਆਂ ਵਲੋਂ ਆਨਲਾਈਨ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਨਿਰਵਿਘਨ ਜਾਰੀ ਰਹਿਣਗੀਆਂ।
ਆਪਣੇ ਹਫਤਾਵਰੀ ਫੇਸਬੁੱਕ ਲਾਈਵ ਸੈਸ਼ਨ 'ਚ ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਪਿਛਲੇ ਸਾਲਾਂ ਦੇ ਨਤੀਜਿਆਂ ਦੇ ਆਧਾਰ 'ਤੇ ਪ੍ਰਮੋਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਨਹੀਂ ਦੇਣੀ ਹੋਵੇਗੀ। ਹਾਲਾਂਕਿ ਉਹ ਵਿਦਿਆਰਥੀ ਜੋ ਆਪਣੀ ਕਾਰਗੁਜ਼ਾਰੀ 'ਚ ਸੁਧਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਕੋਵਿਡ ਸੰਕਟ ਖਤਮ ਹੋਣ ਤੋਂ ਬਾਅਦ ਇਕ ਨਵੀਂ ਪ੍ਰੀਖਿਆ ਦੇਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜ ਇਸ ਫੈਸਲੇ ਨੂੰ ਲਾਗੂ ਕਰਨ ਲਈ ਰੂਪ-ਰੇਖਾ ਤਿਆਰ ਕਰਨ ਦੀ ਤਿਆਰੀ 'ਚ ਹਨ ਅਤੇ ਅਗਲੇ ਦਿਨਾਂ 'ਚ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਜਾਵੇਗਾ। ਕੈਪਟਨ ਨੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਪ੍ਰੀਖਿਆਵਾਂ ਰੱਦ ਹੋਣ ਦੇ ਬਾਵਜੂਦ ਆਪਣੀ ਪੜਾਈ ਜਾਰੀ ਰੱਖਣ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਨੂੰ ਆਪਣੇ ਭਵਿੱਖ ਲਈ ਕੰਮ ਕਰਨਾ ਜਾਰੀ ਰੱਖਣਾ ਪਏਗਾ।

Deepak Kumar

This news is Content Editor Deepak Kumar