ਦੇਸ਼ ਦੀ ''ਟਾਪ ਹੈਵੀ'' ਪੁਲਸ ਫੋਰਸਿਜ਼ ''ਚ ਸ਼ਾਮਲ ਹੋਇਆ ਪੰਜਾਬ

07/01/2017 2:57:49 PM

ਚੰਡੀਗੜ੍ਹ (ਰਮਨਜੀਤ)-ਪੰਜਾਬ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹੁਕਮ ਦੇ ਰਾਹੀਂ ਪੰਜਾਬ ਪੁਲਸ ਦੇ ਚਾਰ ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਨੂੰ ਪ੍ਰਮੋਸ਼ਨ ਦੇ ਕੇ ਡੀ. ਜੀ. ਪੀ. ਬਣਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਸ ਵਿਚ 8 ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਸਨ ਤੇ ਇਨ੍ਹਾਂ ਨਵੇਂ ਪ੍ਰਮੋਟ ਕੀਤੇ ਗਏ ਅਧਿਕਾਰੀਆਂ ਨੂੰ ਮਿਲਾ ਕੇ ਇਹ ਗਿਣਤੀ 12 ਹੋ ਗਈ ਹੈ। ਇਹ ਸ਼ਾਇਦ ਪੰਜਾਬ ਪੁਲਸ ਦੇ ਇਤਿਹਾਸ ਵਿਚ ਪਹਿਲਾ ਮੌਕਾ ਹੈ ਕਿ ਜਦ ਦਰਜਨ ਭਰ ਅਧਿਕਾਰੀ ਡੀ. ਜੀ. ਪੀ. ਦੇ ਅਹੁਦੇ 'ਤੇ ਤਾਇਨਾਤ ਹੋਣ। ਇਸ ਤੋਂ ਪਹਿਲਾਂ ਇਹ ਗਿਣਤੀ 8 ਤੱਕ ਪਹੁੰਚੀ ਸੀ। ਸ਼ੁੱਕਰਵਾਰ ਨੂੰ ਜਿਨ੍ਹਾਂ ਚਾਰ ਏ. ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ, ਉਹ ਸਾਰੇ 1987 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਇਨ੍ਹਾਂ ਵਿਚ ਦਿਨਕਰ ਗੁਪਤਾ, ਸੀ. ਐੱਸ. ਆਰ. ਰੈਡੀ, ਐੱਮ. ਕੇ. ਤਿਵਾੜੀ ਤੇ ਵੀ. ਕੇ. ਭਾਵੜਾ ਸ਼ਾਮਲ ਹਨ। ਇਨ੍ਹਾਂ ਵਿਚ ਪੰਜਾਬ ਪੁਲਸ ਵਿਚ ਡੀ. ਜੀ. ਪੀ. ਰੈਂਕ 'ਤੇ ਸੁਰੇਸ਼ ਅਰੋੜਾ, ਜੀ. ਡੀ. ਪਾਂਡੇ, ਸੰਜੀਵ ਗੁਪਤਾ, ਸੁਮੇਧ ਸਿੰਘ ਸੈਣੀ, ਮੁਹੰਮਦ ਮੁਸਤਫਾ, ਹਰਦੀਪ ਸਿੰਘ ਢਿੱਲੋਂ, ਜਸਮਿੰਦਰ ਸਿੰਘ ਤੇ ਐੱਸ. ਚੱਟੋਪਾਧਿਆਏ ਸ਼ਾਮਲ ਹਨ। ਇਸ ਤਰ੍ਹਾਂ ਹੁਣ ਅੱਜ ਦੀਆਂ ਪ੍ਰਮੋਸ਼ਨਾਂ ਤੋਂ ਬਾਅਦ ਪੰਜਾਬ ਪੁਲਸ ਦੇਸ਼ ਦੀਆਂ ਉਨ੍ਹਾਂ ਚੋਣਵੀਆਂ ਪੁਲਸ ਫੋਰਸਿਜ਼ 'ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੂੰ 'ਟਾਪ ਹੈਵੀ' ਕਿਹਾ ਜਾਂਦਾ ਹੈ।