ਪੰਜਾਬ ਸਰਕਾਰ ਵਲੋਂ ਕੋਵਿਡ-19 ਦੌਰਾਨ ਪਸ਼ੂ ਮੇਲੇ ਲਗਾਉਣ ਤੇ ਪ੍ਰਬੰਧਾਂ ਬਾਰੇ ਐਡਵਾਇਜ਼ਰੀ ਜਾਰੀ

05/22/2020 6:24:47 PM

ਤਰਨਤਾਰਨ (ਬਲਵਿੰਦਰ ਕੌਰ) : ਪੰਜਾਬ ਸਰਕਾਰ ਵਲੋਂ ਪਸ਼ੂ ਵਪਾਰੀਆਂ/ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਸ਼ੂ ਮੇਲੇ ਲਗਾਉਣ ਅਤੇ ਪ੍ਰਬੰਧਾਂ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਪਸ਼ੂ ਵਪਾਰੀ/ਕਾਮਿਆਂ ਇਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ। ਪਸ਼ੂ ਵਪਾਰੀਆਂ/ਕਾਮਿਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਹਰ ਸਮੇਂ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ, ਘਰੋਂ ਨਿਕਲਣ ਤੋਂ ਪਹਿਲਾਂ ਕੱਪੜੇ ਦਾ ਮਾਸਕ ਪਹਿਨ ਲਿਆ ਜਾਵੇ ਅਤੇ ਘਰ ਵਾਪਸੀ ਤੱਕ ਇਸ ਨੂੰ ਪਹਿਨ ਕੇ ਰੱਖਿਆ ਜਾਵੇ। ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਅਤੇ ਮੂੰਹ ਚੰਗੀ ਤਰ੍ਹਾਂ ਢੱਕਿਆ ਜਾਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਅਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ। 

ਐਡਵਾਇਜ਼ਰੀ ਵਿਚ ਇਹ ਸਲਾਹ ਦਿੱਤੀ ਗਈ ਹੈ ਕਿ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਨਾ ਛੂਹਿਆ ਜਾਵੇ। ਖੁੱਲ੍ਹੇ ਵਿਚ ਨਾ ਥੁੱਕੋ ਅਤੇ ਜ਼ਰੂਰਤ ਪੈਣ 'ਤੇ ਟਾਇਲਟ ਦੇ ਵਾਸਵੇਸਨ ਦੀ ਵਰਤੋਂ ਕਰੋ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਨਤਕ, ਧਾਰਮਿਕ, ਰਾਜਨੀਤਿਕ ਇਕੱਠ ਨਾ ਕਰੋ। ਸੰਭਾਵਿਤ ਥਾਂਵਾਂ ਜਿਵੇਂ ਦਰਵਾਜ਼ੇ ਦੇ ਹੈਂਡਲ, ਰੇਲਿੰਗ, ਕੰਧਾਂ ਆਦਿ ਨੂੰ ਨਾ ਛੂਹੋ। ਕਿਸੇ ਵੀ ਮਸ਼ੀਨ ਨੂੰ ਵਰਤਣ/ਛੂਹਣ ਤੋਂ ਪਹਿਲਾਂ ਉਸ ਨੂੰ 1 ਫੀਸਦੀ ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕਰੋ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਜਿਸ ਜ਼ਿਲ੍ਹੇ ਨੂੰ ਪ੍ਰਸ਼ਾਸਨ ਵਲੋਂ ਕੰਟੇਨਮੈਂਟ ਜ਼ੋਨ/ਰੈੱਡ ਜ਼ੋਨ/ਹਾਟਸਪਾਟ ਐਲਾਨਿਆ ਗਿਆ ਹੈ, ਉੱਥੇ ਕੋਈ ਵੀ ਪਸ਼ੂ ਮੇਲਾ ਨਾ ਲਗਾਇਆ ਜਾਵੇ। ਮੇਲੇ ਵਾਲੀ ਥਾਂ ਵਿਚ ਲਿਆਉਣ ਤੋਂ ਪਹਿਲਾਂ ਪਸ਼ੂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇ। ਮੇਲੇ ਵਿਚ ਕੁਝ ਚੋਣਵੀਆਂ ਥਾਂਵਾਂ 'ਤੇ ਪੈਰਾਂ ਨਾਲ ਚੱਲਣ ਵਾਲੇ ਹੈਂਡ-ਵਾਸ਼ਿੰਗ ਸਟੇਸ਼ਨ ਲਗਾਏ ਜਾਣ। ਪਸ਼ੂ ਵਪਾਰੀਆਂ ਵਲੋਂ ਵਰਕਰਾਂ ਨੂੰ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾਵੇ। 

ਪਸ਼ੂ ਵਪਾਰੀਆਂ/ਵਰਕਰਾਂ ਵਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਮਾਲਕਾਂ ਵਲੋਂ ਮੁਲਾਜ਼ਮਾਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵਲੋਂ ਬਣਾਈ ਗਈ 'ਕੋਵਾ ਐਪ' ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਐਡਵਾਇਜ਼ਰੀ ਅਨੁਸਾਰ ਜੇਕਰ ਕਿਸੇ ਵਰਕਰ ਨੂੰ ਬੁਖ਼ਾਰ ਹੈ ਜਾਂ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਪਸ਼ੂ ਵਪਾਰੀਆਂ ਵਲੋਂ ਉਸ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਜਾਵੇ ਅਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਜੇਕਰ ਕਿਸੇ ਵਰਕਰ/ਪਸ਼ੂ ਵਪਾਰੀ ਨੂੰ ਤੇਜ਼ ਬੁਖ਼ਾਰ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੋਵਿਡ-19 ਪੀੜਤ ਹੈ। ਜੇਕਰ ਕਿਸੇ ਵਰਕਰ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਪਸ਼ੂ ਵਪਾਰੀ ਜਾਂ ਮਾਲਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074/088720-90029 'ਤੇ ਕਾਲ ਕਰਕੇ ਪੀੜਤ ਵਰਕਰ ਦੇ ਮੇਲੇ ਵਿਚ ਆਉਣ ਬਾਰੇ ਅਤੇ ਉਸ ਦੇ ਸੰਪਰਕ ਵਿਚ ਆਏ ਲੋਕਾਂ ਬਾਰੇ ਤੁਰੰਤ ਜਾਣਕਾਰੀ ਦੇਵੇ।

Gurminder Singh

This news is Content Editor Gurminder Singh