ਜੰਗਲਾਤ ਮਹਿਕਮੇ ਦੀ ਲਾਪ੍ਰਵਾਹੀ ਨਾਲ ਸਰਕਾਰ ਨੂੰ ਲੱਗ ਰਿਹੈ ਲੱਖਾਂ ਦਾ ਚੂਨਾ

07/22/2017 1:50:05 PM

ਮੰਡੀ ਘੁਬਾਇਆ (ਕੁਲਵੰਤ)—ਪੰਜਾਬ ਸਰਕਾਰ ਵੱਲੋਂ ਚਾਹੇ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਬੂਟੇ ਵੰਡੇ ਜਾ ਰਹੇ ਹਨ ਤੇ ਪੰਚਾਇਤੀ ਥਾਵਾਂ 'ਤੇ ਬੂਟੇ ਲਾਏ ਜਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਤੇ ਹਰਾ-ਭਰਾ ਬਣਾਇਆ ਜਾ ਸਕੇ ਪਰ ਜੰਗਲਾਤ ਮਹਿਕਮੇ ਵੱਲੋਂ ਮਹਿਕਮੇ ਅਧੀਨ ਆਉਂਦੀ ਜ਼ਮੀਨ ਦੀ ਸਹੀ ਨਿਸ਼ਾਨਦੇਹੀ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਆਪਣੇ ਅਧੀਨ ਆਉਂਦੀ ਜ਼ਮੀਨ 'ਤੇ ਬੂਟੇ ਲਾਏ ਜਾ ਰਹੇ ਹਨ, ਜਿਸ ਕਾਰਨ ਸਰਕਾਰ ਨੂੰ ਲੱਖਾਂ ਦਾ ਘਾਟਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਘੇ ਕੇ ਹਿਠਾੜ, ਪਿੰਡ ਪ੍ਰਭਾਬ ਸਿੰਘ ਵਾਲਾ ਤੇ ਸੰਤੋਖ ਸਿੰਘ ਵਾਲਾ ਆਦਿ ਪਿੰਡਾਂ ਦਾ ਰਕਬਾ ਚੱਕਸਰਕਾਰ ਮੁਹਾਜੀ 'ਚ ਜੰਗਲਾਤ ਦੀ ਕਰੀਬ 365 ਏਕੜ ਜ਼ਮੀਨ ਹੈ, ਜੋ ਕਿ ਸਰਹੱਦ ਦੇ ਨਾਲ ਲੱਗਦੀ ਹੈ ਪਰ ਇਸ 'ਚੋਂ 60-70 ਦੇ ਕਰੀਬ ਏਕੜ 'ਚ ਕੁਝ ਆਸ-ਪਾਸ ਦੇ ਕਿਸਾਨਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਕਬਜ਼ੇ ਵਾਲੀ ਥਾਂ 'ਤੇ ਕਿਸਾਨਾਂ ਵੱਲੋਂ ਝੋਨੇ-ਕਣਕ ਆਦਿ ਦੀ ਬਿਜਾਈ ਵੀ ਕੀਤੀ ਜਾਂਦੀ ਹੈ ਤੇ ਜੰਗਲਾਤ ਮਹਿਕਮੇ ਵੱਲੋਂ 10-15 ਸਾਲ ਪਹਿਲਾਂ ਜੰਗਲਾਤ ਮਹਿਕਮੇ ਅਧੀਨ ਆਉਂਦੀ ਜ਼ਮੀਨ 'ਤੇ ਕਿਸਾਨਾਂ ਵੱਲੋਂ ਕੀਤੇ ਗਏ ਕਬਜ਼ੇ ਨੂੰ ਛੁਡਵਾਇਆ ਗਿਆ ਸੀ ਤੇ ਕਬਜ਼ੇ ਵਾਲੀ ਜ਼ਮੀਨ 'ਤੇ ਬੋਰ ਕੀਤੇ ਗਏ ਸਨ ਪਰ ਇਸ ਤੋਂ ਬਾਅਦ ਮਹਿਕਮੇ ਵੱਲੋਂ ਜਾਣ-ਬੁੱਝ ਕੇ ਇੱਧਰ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ। 
ਇਸ ਬਾਰੇ ਤਿੰਨ ਕੁ ਮਹੀਨੇ ਪਹਿਲਾਂ ਛਪੀ ਇਕ ਖ਼ਬਰ ਤੋਂ ਬਾਅਦ ਮਹਿਕਮੇ 'ਚ ਭਜ-ਦੋੜ ਮਚ ਗਈ, ਜਿਸ ਕਰਕੇ ਅਧਿਕਾਰੀ ਕੁਝ ਹਰਕਤ 'ਚ ਆਏ ਤੇ ਉਨ੍ਹਾਂ ਨੇ ਮਹਿਕਮੇ ਦੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਇਕ ਟੀਮ ਬਣਾਈ, ਜਿਸ 'ਚ ਕਾਨੂੰਗੋ, ਪਟਵਾਰੀ ਤੇ ਗਾਰਡ ਤੋਂ ਲੈ ਕੇ ਰੇਂਜ ਅਫ਼ਸਰ ਤੱਕ ਮਹਿਕਮੇ ਦੇ ਅਧਿਕਾਰੀ ਵੀ ਮੌਜੂਦ ਸਨ, ਪਰ ਜਦੋਂ ਇਸ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਸੀ, ਤਾਂ ਕਬਜ਼ਾ ਕਰਨ ਵਾਲੇ ਕਿਸਾਨਾਂ ਨੇ ਉਨ੍ਹਾਂ ਨਾਲ ਗੱਲਬਾਤ ਕਰ ਲਈ ਤੇ ਉਹ ਜਿਵੇਂ ਆਏ ਸਨ ਉਵੇਂ ਹੀ ਜਲਦੀ ਤੋਂ ਜਲਦੀ ਵਾਪਸ ਚਲੇ ਗਏ। ਲੋਕਾਂ ਨੇ ਜਦੋਂ ਉਨ੍ਹਾਂ ਤੋਂ ਜਲਦੀ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੀ ਨਿਸ਼ਾਨਦੇਹੀ ਕੁਝ ਦਿਨ ਠਹਿਰ ਕੇ ਕੀਤੀ ਜਾਵੇਗੀ ਤੇ ਇਸ ਤੋਂ ਉਪਰੰਤ ਜ਼ਿਆਦਾਤਰ ਮਹਿਕਮੇ ਦੇ ਅਫ਼ਸਰਾਂ ਵੱਲੋਂ ਬਦਲੀਆਂ ਕਰਵਾ ਲਈਆਂ ਗਈਆਂ, ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਕਬਜ਼ਾਧਾਰੀ ਕਿਸਾਨਾਂ ਵੱਲੋਂ ਮੁੱਠੀ ਗਰਮ ਕਰ ਦਿੱਤੀ ਗਈ ਹੋਵੇਗੀ।

ਕੀ ਹੈ ਮੰਗ
ਲੋਕਾਂ ਨੇ ਪੰਜਾਬ ਸਰਕਾਰ ਤੇ ਜੰਗਲਾਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਜ਼ਮੀਨ ਵੱਲ ਧਿਆਨ ਦੇ ਕੇ ਨਿਸ਼ਾਨਦੇਹੀ ਕੀਤੀ ਜਾਵੇ ਤੇ ਕਬਜ਼ਾਧਾਰੀ ਕਿਸਾਨਾਂ ਤੋਂ ਜ਼ਮੀਨ ਵਾਪਸ ਲੈ ਕੇ ਬੂਟੇ ਆਦਿ ਲਾਏ ਜਾਣ, ਤਾਂ ਜੋ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਵੇ ਤੇ ਨਾਲ ਹੀ ਸਰਕਾਰ ਦੀ ਆਮਦਨ 'ਚ ਵੀ ਵਾਧਾ ਹੋ ਸਕੇ।
ਕੀ ਕਹਿਣਾ ਹੈ ਜੰਗਲਾਤ ਮਹਿਕਮੇ ਦੇ ਚੰਡੀਗੜ੍ਹ ਚੀਫ ਸਾਹਿਬ ਦਾ
ਜਦ ਪੱਤਰਕਾਰਾਂ ਨੇ ਜੰਗਲਾਤ ਮਹਿਕਮੇ ਦੇ ਚੰਡੀਗੜ੍ਹ ਚੀਫ ਸਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਇਸ ਬਾਰੇ ਪਤਾ ਕਰ ਕੇ ਇਸ ਖਾਲੀ ਪਈ ਜ਼ਮੀਨ 'ਤੇ ਕੀਤੇ ਹੋਏ ਕਬਜ਼ੇ ਛੱਡਵਾ ਕੇ ਵੱਧ ਤੋਂ ਵੱਧ ਬੂਟੇ ਲਾਵਾਂਗੇ।