ਕੋਰੋਨਾ ਮੁਸੀਬਤ: ਡੇਰਾ ਸਿਰਸਾ ਤੋਂ ਪੰਜਾਬ ਸਰਕਾਰ ਨੇ ਖੂਨ ਦਾਨ ਦੀ ਮੰਗੀ ਮਦਦ

05/08/2020 10:00:51 AM

ਜਲੰਧਰ (ਐੱਨ ਮੋਹਨ ):ਕੋਰੋਨਾ ਮੁਸੀਬਤ 'ਚ ਪੰਜਾਬ ਦੇ ਕੁਝ ਡੇਰਿਆਂ ਤੋਂ ਪੰਜਾਬ ਸਰਕਾਰ ਨੇ ਹੁਣ ਮਦਦ ਮੰਗੀ ਹੈ।ਕੋਰੋਨਾ ਦੇ ਕਾਰਨ ਖਾਲੀ ਹੋਏ ਪੰਜਾਬ ਦੇ ਬਲੱਡ ਬੈਂਕ ਭਰਨ ਲਈ ਪੰਜਾਬ ਸਰਕਾਰ ਨੇ ਬਲੱਡ ਬੈਂਕਾਂ 'ਚ ਖੂਨ ਇਕੱਠਾ ਕਰਨ ਲਈ ਡੇਰਾ ਸੱਚਾ ਸੌਦਾ ਤੋਂ ਮਦਦ ਮੰਗੀ ਹੈ ਤਾਂ ਕਿ ਖੂਨ ਦੀ ਕਮੀ ਦੇ ਕਾਰਨ ਐਮਰਜੰਸੀ 'ਚ ਹਸਪਤਾਲ ਆਉਣ ਵਾਲੇ ਰੋਗੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ, ਜਿਵੇਂ ਕਿ‌ ਹੁਣ ਹੋ ਰਿਹਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਡੇਰਾ ਸਿਰਸਾ ਕੋਰੋਨਾ ਰਾਹਤ ਫੰਡ 'ਚ ਮੁੱਖ ਮੰਤਰੀ ਫੰਡ 'ਚ ਅਤੇ ਪ੍ਰਧਾਨ ਮੰਤਰੀ ਫੰਡ ਵਿਚ ਵੀ ਕਰੋੜਾਂ ਦਾ ਯੋਗਦਾਨ ਪਾਉਣਾ ਚਾਹੁੰਦਾ ਸੀ ਪਰ ਅਦਾਲਤਾਂ ਦੇ ਨਿਰਦੇਸ਼ਾਂ ਕਾਰਨ ਸੀਜ ਹੋਏ ਬੈਂਕ ਖਾਤਿਆਂ ਤੋਂ ਪੈਸਾ ਟਰਾਂਸਫਰ ਕਰਣ ਦੀ ਆਗਿਆ ਨਹੀਂ ਮਿਲੀ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਕਰੀਬ ਇਕ ਮਹੀਨਾ ਤੋਂ ਡੇਰੇ ਦੇ ਪ੍ਰੇਮੀ ਪੰਜਾਬ ਵਿਚ ਜਰੂਰਤਮੰਦਾਂ ਨੂੰ ਖੂਨ ਦਿੰਦੇ ਆ ਰਹੇ ਹਨ। ਜਦੋਂ ਕਿ ਪੰਜਾਬ ਸਰਕਾਰ ਨੇ ਡੇਰਾ ਬਿਆਸ ਤੋਂ ਡੇਰੇ ਵਿਚ ਕੋਰੋਨਾ ਪੀੜਿਤ ਅਤੇ ਏਕਾਂਤਵਾਸ ਵਿਚ ਲੋਕਾਂ ਨੂੰ ਰੱਖਣ ਲਈ ਸਹਿਯੋਗ ਲਇਆ ਹੋਇਆ ਹੈ ।

ਇਹ ਵੀ ਪੜ੍ਹੋ: ਪਾਵਰਕਾਮ ਦਾ ਵੱਡਾ ਫੈਸਲਾ: ਕੱਲ੍ਹ ਤੋਂ ਖੁੱਲ੍ਹਣਗੇ ਕੈਸ਼ ਕਾਊਂਟਰ, ਹੋਵੇਗੀ ਮੀਟਰ ਰੀਡਿੰਗ ਸ਼ੁਰੂ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀ ਜਬਰ -ਜ਼ਨਾਹ ਅਤੇ ਸੰਪਾਦਕ ਹਤਿਆਕਾਂਡ ਦੇ ਇਲਜ਼ਾਮ ਵਿਚ ਹਰਿਆਣੇ ਦੇ ਰੋਹਤਕ ਦੀ ਜੇਲ 'ਚ ਸਜ਼ਾ ਕੱਟ ਰਿਹਾ ਹੈ। ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਰਾਜ਼ ਜਤਾਏ ਜਾਣ ਦੇ ਬਾਅਦ ਹਰਿਆਣਾ ਸਰਕਾਰ ਡੇਰਾ ਮੁਖੀ ਦੀ ਪੈਰੋਲ ਅਰਜੀ ਖਾਰਜ਼ ਕਰ ਚੁੱਕੀ ਹੈ। ਡੇਰਾ ਮੁਖੀ ਦੁਆਰਾ ਕੋਰੋਨਾ ਰਾਹਤ ਫੰਡ ਵਿਚ ਤਿੰਨ ਕਰੋੜ ਰੁਪਏ ਦਿੱਤੇ ਜਾਣ ਦਾ ਪ੍ਰਸਤਾਵ ਵੀ ਨਹੀਂ ਪਾਸ ਹੋ ਸਕਿਆ ।
ਉਂਝ ਡੇਰਾ ਸਿਰਸਾ ਹਰ ਸਾਲ ਵਿਸ਼ਾਲ ਖੂਨ ਦਾਨ ਕੈਂਪ ਲਗਾਉਂਦਾ ਹੈ । ਇਸ ਵਾਰ ਵੀ 8 ਮਈ ਨੂੰ ਉਸ ਨੇ ਥੈਲਸੀਮੀਆਂ ਦਿਨ 'ਤੇ ਖੂਨ ਦਾਨ ਕਰਨਾ ਹੈ ਪਰ ਲਾਕਡਾਉਨ ਦੇ ਚੱਲਦੇ ਖੂਨ ਲੈਣ ਵਾਲੇ ਮੁਸ਼ਕਲ 'ਚ ਹਨ। ਪੰਜਾਬ 'ਚ ਕਰੀਬ ਪੰਜ ਹਜ਼ਾਰ ਲੋਕ ਥੈਲਸੀਮੀਆ ਪੀੜਤ ਹਨ, ਜਿਨ੍ਹਾਂ ਨੂੰ ਤਿੰਨ ਤੋਂ ਚਾਰ ਹਫ਼ਤੇ ਵਿਚ ਇਕ ਵਾਰ ਖੂਨ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਨਾਲ ਹੀ ਕੋਰੋਨਾ ਪੀੜਤ ਅਤੇ ਦੁਰਘਟਨਾਵਾਂ ਆਦਿ ਵਿਚ ਖੂਨ ਦੀ ਜ਼ਰੂਰਤ ਬਣੀ ਹੋਈ ਹੈ । ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਡੇਰਾ ਸੱਚਾ ਸੌਦੇ ਦੇ ਪ੍ਰਬੰਧਕਾਂ ਨੂੰ ਲਿਖੇ ਗਏ ਪੱਤਰ ਵਾਇਰਲ ਹੋਣ ਦੇ ਬਾਅਦ ਪੰਜਾਬ ਵਿਚ ਧਾਰਮਿਕ ਅਤੇ ਰਾਜਨੀਤਕ ਵਿਵਾਦ ਵੀ ਪੈਦਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।

Shyna

This news is Content Editor Shyna