ਪੰਜਾਬ ਸਰਕਾਰ ਸਾਰਿਆਂ ਦੇ ਸਿਰ ''ਤੇ ਛੱਤ ਦਾ ਸੁਫ਼ਨਾ ਕਰ ਰਹੀ ਹੈ ਸਾਕਾਰ : ਸਰਕਾਰੀਆ

09/13/2020 5:58:44 PM

ਚੰਡੀਗੜ੍ਹ : ਸੂਬੇ ਵਿਚ ਸਾਰਿਆਂ ਦੇ ਸਿਰ 'ਤੇ ਛੱਤ ਮੁਹੱਈਆ ਕਰਵਾਉਣ ਦਾ ਸੁਫ਼ਨਾ ਸਾਕਾਰ ਕਰਨ ਦੀ ਦਿਸ਼ਾ ਵਿਚ ਕਦਮ ਵਧਾਉਂਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੇ ਜ਼ਿਲ੍ਹਾ ਪਟਿਆਲਾ ਵਿਚ 176 ਈ.ਡਬਲਿਊ.ਐੱਸ. ਮਕਾਨਾਂ ਦੀ ਉਸਾਰੀ ਮੁਕੰਮਲ ਕਰ ਲਈ ਹੈ। ਇਹ ਮਕਾਨ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਬੇ-ਘਰੇ ਐੱਸ.ਸੀ./ ਬੀ.ਸੀ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਹਾਜੀਮਾਜਰਾ ਵਿਖੇ 176 ਈ.ਡਬਲਿਊ.ਐੱਸ. ਮਕਾਨਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਜਲਦੀ ਇਹ ਮਕਾਨ ਲਾਭਪਾਤਰੀਆਂ ਨੂੰ ਸੌਂਪ ਦਿੱਤੇ ਜਾਣਗੇ।

ਇਹ ਪ੍ਰਾਜੈਕਟ ਸੰਗਰੂਰ-ਪਟਿਆਲਾ ਹਾਈਵੇ ਅਤੇ ਸਮਾਣਾ ਸੜਕ ਦੇ ਮੁੱਖ ਜੰਕਸ਼ਨ 'ਤੇ ਸਥਿਤ ਹੈ। ਮੰਤਰੀ ਨੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਨੂੰ 1.69 ਏਕੜ ਰਕਬੇ ਵਿਚ 176 (ਜੀ + 3) ਈ.ਡਬਲਿਊ.ਐੱਸ. ਮਕਾਨ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਇਕ ਮਕਾਨ ਦਾ ਕਾਰਪੈਟ ਏਰੀਆ 25.25 ਵਰਗ ਮੀਟਰ ਹੈ। ਉਨ੍ਹਾਂ ਕਿਹਾ ਕਿ ਇਕ ਮਕਾਨ ਦੀ ਉਸਾਰੀ 'ਤੇ 4.10 ਲੱਖ ਰੁਪਏ ਲਾਗਤ ਆਈ ਹੈ ਅਤੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਤਕਰੀਬਨ 7 ਕਰੋੜ ਰੁਪਏ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਖ਼ਾਸਕਰ ਸਮਾਜ ਦੇ ਪੱਛੜੇ ਵਰਗਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵਚਨਬੱਧ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 124 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ। ਪੀ. ਡੀ. ਏ. ਜਲਦ ਹੀ 124 ਪਛਾਣ ਕੀਤੇ ਲਾਭਪਾਤਰੀਆਂ ਨੂੰ ਮਕਾਨ ਅਲਾਟ ਕਰੇਗੀ। ਬਾਕੀ ਬਚਦੇ 52 ਮਕਾਨਾਂ ਨੂੰ ਖੁੱਲ੍ਹੀ ਨਿਲਾਮੀ ਵਿਚ ਸੇਲ ਕਰਨ ਸਬੰਧੀ ਏਜੰਡੇ ਨੂੰ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣ ਲਈ ਸੂਬਾ ਪੱਧਰੀ ਮਨਜ਼ੂਰੀ ਅਤੇ ਨਿਗਰਾਨੀ ਕਮੇਟੀ (ਐੱਸ.ਐੱਲ.ਐੱਸ.ਐੱਮ.ਸੀ.) ਵੱਲੋਂ ਕੇਂਦਰੀ ਨਿਗਰਾਨੀ ਅਤੇ ਮਨਜ਼ੂਰੀ ਕਮੇਟੀ (ਸੀ.ਐੱਮ.ਐੱਸ.ਸੀ.) ਨੂੰ ਸਿਫਾਰਸ਼ ਕੀਤੀ ਗਈ ਹੈ।

Gurminder Singh

This news is Content Editor Gurminder Singh