ਸਰਕਾਰੀ ਮਾਸਟਰਾਂ ਨੂੰ ਪੱਤਰਕਾਰੀ ਪਵੇਗੀ ਮਹਿੰਗੀ, ਪ੍ਰਵਾਨਗੀਆਂ ਵੀ ਰੱਦ ਕਰਨ ਦੇ ਹੁਕਮ

06/30/2020 4:55:30 PM

ਸ਼ੇਰਪੁਰ (ਅਨੀਸ਼) : ਸਿੱਖਿਆ ਵਿਭਾਗ ਪੰਜਾਬ ਨੇ ਇਕ ਵਾਰ ਫਿਰ ਆਪਣੇ ਉਨ੍ਹਾਂ ਅਧਿਆਪਕਾਂ ਅਤੇ ਮੁਲਾਜ਼ਮਾਂ ਬਾਰੇ ਸਖ਼ਤ ਹੁਕਮ ਜਾਰੀ ਕੀਤੇ ਹਨ, ਜਿਹੜੇ ਮੁਲਾਜ਼ਮ ਆਪਣਾ ਨਾਮ ਬਦਲ ਕੇ ਜਾਂ ਕਿਸੇ ਪਰਿਵਾਰਕ ਵਿਅਕਤੀ ਦੇ ਨਾਮ ਹੇਠ ਵੱਖ-ਵੱਖ ਅਖ਼ਬਾਰਾਂ ਲਈ ਪੱਤਰਕਾਰੀ ਕਰ ਰਹੇ ਹਨ। ਤਾਜ਼ਾ ਜਾਰੀ ਹੁਕਮਾਂ ਵਿਚ ਮਹਿਕਮੇ ਨੇ ਇੱਥੋਂ ਤੱਕ ਕਿਹਾ ਹੈ ਕਿ ਜੋ ਕਰਮਚਾਰੀ ਕਿਸੇ ਉੱਘੇ ਅਖ਼ਬਾਰ ਲਈ ਬਤੌਰ ਪੱਤਰਕਾਰ ਕੰਮ ਕਰਦਾ ਹੈ, ਉਸ ਕਰਮਚਾਰੀ ਵੱਲੋਂ ਆਪਣੇ ਸਾਥੀ ਕਰਮਚਾਰੀਆਂ ਅਤੇ ਉੱਪਰਲੇ ਅਧਿਕਾਰੀਆਂ ਨੂੰ ਆਪਣੇ ਨਿੱਜੀ ਮਨੋਰਥ ਲਈ ਬਲੈਕਮੇਲ ਕਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮਹਿਕਮੇ ਵੱਲੋਂ ਪਹਿਲਾਂ ਵੀ ਕਈ ਵਾਰ ਅਜਿਹੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਪ੍ਰੰਤੂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਨਵੇਂ ਹੁਕਮਾਂ ਵਿਚ ਵਿਭਾਗ ਨੇ ਕਿਹਾ ਹੈ ਕਿ ਮਹਿਕਮੇ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਹੋ ਰਹੀ ਅਤੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਕਈ ਅਧਿਆਪਕ ਅਤੇ ਕਰਮਚਾਰੀ ਅਖ਼ਬਾਰਾਂ ਲਈ ਪੱਤਰਕਾਰ ਵਜੋਂ ਕੰਮ ਕਰ ਰਹੇ ਹਨ। 

ਵਿਭਾਗ ਨੇ ਪੰਜਾਬ ਸਰਕਾਰੀ ਕਰਮਚਾਰੀ ਆਚਰਨ ਨਿਯਮਾਂਵਲੀ 1966 ਦੇ ਨਿਯਮ 8 ਦੇ ਹਵਾਲੇ ਨਾਲ ਕਿਹਾ ਹੈ ਕਿ ਜੇ ਕਿਸੇ ਦਫ਼ਤਰ ਦੇ ਮੁਖੀ ਨੇ ਕਿਸੇ ਕਰਮਚਾਰੀ ਨੂੰ ਪੱਤਰਕਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਤਾਂ ਉਹ ਪ੍ਰਵਾਨਗੀ ਤੁਰੰਤ ਰੱਦ ਕੀਤੀ ਜਾਵੇ ਅਤੇ ਜੇਕਰ ਕੋਈ ਕਰਮਚਾਰੀ ਉਪਰੋਕਤ ਨਿਯਮ ਦੀ ਉਲੰਘਣਾ ਕਰਦਾ ਪਾਇਆ ਜਾਵੇ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਵੇਰਵੇ ਡਾਇਰੈਕਟੋਰੇਟ ਨੂੰ ਭੇਜੇ ਜਾਣ।

Gurminder Singh

This news is Content Editor Gurminder Singh