ਸਰਕਾਰੀ ਸ਼ਰਾਬ ਨਿਗਮ ਹੀ ਪੁੱਟ ਸਕਦੈ ਪੰਜਾਬ ''ਚੋਂ ਸ਼ਰਾਬ ਮਾਫ਼ੀਆ ਦੀਆਂ ਜੜ੍ਹਾਂ : ਚੀਮਾ

05/14/2020 1:20:19 AM

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ 'ਚ ਅਫ਼ਸਰਾਂ ਅਤੇ ਸੱਤਾਧਾਰੀ ਵਜ਼ੀਰਾਂ-ਵਿਧਾਇਕਾਂ ਦਰਮਿਆਨ ਛਿੜੀ ਜੰਗ ਦਾ ਅਸਲੀ ਕਾਰਨ ਸ਼ਰਾਬ ਮਾਫ਼ੀਆ ਦੀ ਕਾਲੀ ਕਮਾਈ 'ਚ ਕਾਣੀ ਵੰਡ ਨੂੰ ਦੱਸਿਆ ਅਤੇ ਨਾਲ ਹੀ ਸੁਝਾਅ ਦਿੱਤਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬੀਆਂ ਦਾ ਸੱਚਮੁਚ ਭਲਾ ਚਾਹੁੰਦੇ ਹਨ ਤਾਂ ਸੂਬੇ 'ਚ ਇਸੇ ਸਾਲ ਤੋਂ ਸਰਕਾਰੀ ਸ਼ਰਾਬ ਨਿਗਮ ਰਾਹੀਂ ਆਬਕਾਰੀ ਨੀਤੀ ਲਾਗੂ ਕਰਵਾਉਣ। ਇਸ ਨਾਲ ਨਾ ਸਿਰਫ ਸਰਕਾਰੀ ਖ਼ਜ਼ਾਨੇ ਨੂੰ ਮੌਜੂਦਾ 6200 ਕਰੋੜ ਰੁਪਏ ਦੇ ਟੀਚੇ ਮੁਕਾਬਲੇ 18000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਵੇਗੀ, ਸਗੋਂ ਸ਼ਰਾਬ ਮਾਫ਼ੀਆ ਦੀਆਂ ਵੀ ਜੜ੍ਹਾਂ ਉਖੜ ਜਾਣਗੀਆਂ।

ਚੀਮਾ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਕਿਹਾ ਕਿ ਸਰਕਾਰੀ ਸ਼ਰਾਬ ਨਿਗਮ ਦਾ ਗਠਨ ਤੁਹਾਡੀ ਸਰਕਾਰ ਨੂੰ ਦਰਪੇਸ਼ ਮੌਜੂਦਾ ਆਰਥਿਕ ਪ੍ਰਸ਼ਾਸਨਿਕ ਅਤੇ ਸੰਵਿਧਾਨਿਕ ਸੰਕਟ 'ਚੋਂ ਕੱਢੇਗਾ ਅਤੇ ਸੂਬੇ ਦੇ ਖ਼ਜ਼ਾਨੇ ਅਤੇ ਲੋਕਾਂ ਦੀ ਲੁੱਟ ਨੂੰ ਵੀ ਰੋਕੇਗਾ। ਚੀਮਾ ਨੇ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਹਾਡੇ ਮੰਤਰੀ ਅਤੇ ਉੱਚ ਅਧਿਕਾਰੀ ਪੰਜਾਬ ਅਤੇ ਪੰਜਾਬੀਆਂ ਨੂੰ ਕੋਰੋਨਾ ਮਹਾਮਾਰੀ ਅਤੇ ਆਰਥਿਕ ਐਮਰਜੈਂਸੀ 'ਚੋਂ ਇਕਜੁਟ ਹੋ ਕੇ ਕੱਢਣ ਦੀ ਥਾਂ ਸ਼ਰਾਬ ਮਾਫ਼ੀਆ ਰਾਹੀਂ ਲੁੱਟੇ ਜਾ ਰਹੇ ਕਰੋੜਾਂ-ਅਰਬਾਂ ਦੀ ਹਿੱਸਾ-ਪੱਤੀ ਲਈ ਲੜ ਰਹੇ ਹਨ।ਉਨ੍ਹਾਂ ਕਿਹਾ ਕਿ ਕਾਸ਼ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਣ ਆਸ਼ੂ ਅਤੇ ਤੁਹਾਡੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਾਕਡਾਊਨ ਦੌਰਾਨ ਲੋਕਾਂ ਨੂੰ ਦਰਪੇਸ਼ ਚੁਣੌਤੀਆਂ 'ਚੋਂ ਕੱਢਣ ਲਈ ਭ੍ਰਿਸ਼ਟ ਅਤੇ ਕੰਮਚੋਰ ਅਫ਼ਸਰਾਂ ਅਤੇ ਢਿੱਲੇ ਪ੍ਰਬੰਧਾਂ ਵਿਰੁੱਧ ਉਸੇ ਤਰਾਂ ਲੜਦੇ, ਜਿਵੇਂ ਸ਼ਰਾਬ ਨੀਤੀ ਲਈ ਮੁੱਖ ਸਕੱਤਰ ਨਾਲ ਲੜ ਰਹੇ ਹਨ। ਚੀਮਾ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਜੋ ਇਲਜ਼ਾਮ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਸ਼ਰਾਬ ਕਾਰੋਬਾਰ 'ਚ ਬੇਨਾਮੀ ਹਿੱਸੇਦਾਰੀ ਬਾਰੇ ਜਾਂ ਫਿਰ ਸਿਆਸਤਦਾਨਾਂ ਦੀ ਸ਼ਰਾਬ ਮਾਫ਼ੀਆ ਨੂੰ ਪੁਸ਼ਤਪਨਾਹੀ ਬਾਰੇ ਲੱਗ ਰਹੇ ਹਨ, ਦੀ ਗੰਭੀਰਤਾ ਨੂੰ ਸਮਝਦਿਆਂ ਤੁਸੀਂ (ਮੁੱਖ ਮੰਤਰੀ) ਹਾਈਕੋਰਟ ਦੀ ਨਿਗਰਾਨੀ ਹੇਠ ਮੌਜੂਦਾ ਜੱਜਾਂ ਦਾ ਉਚ ਪੱਧਰੀ ਜਾਂਚ ਕਮਿਸ਼ਨ ਗਠਿਤ ਕਰ ਕੇ ਜਿੱਥੇ ਲੁੱਟ ਅਤੇ ਲੁਟੇਰਿਆਂ ਦਾ ਵੇਰਵਾ ਜਨਤਕ ਕਰਵਾਓਗੇ, ਉੱਥੇ ਹੀ ਆਪਣਾ ਅਕਸ ਵੀ ਸੁਧਾਰੋਗੇ।

Deepak Kumar

This news is Content Editor Deepak Kumar