ਜਨਤਾ ਨੂੰ ਜਾਗਰੂਕ ਕੀਤੇ ਬਿਨਾਂ ਹੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਜੀ. ਐੱਸ. ਟੀ.

06/10/2017 1:00:30 PM


ਨਵਾਂਸ਼ਹਿਰ(ਤ੍ਰਿਪਾਠੀ)- 'ਵਨ ਕੰਟਰੀ, ਵਨ ਟੈਕਸ' ਦੀ ਤਰਜ਼ 'ਤੇ ਦੇਸ਼ 'ਚ 1 ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਜੀ. ਐੱਸ. ਟੀ. 'ਚ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਬਾਬੂਆਂ ਤੋਂ ਲੈ ਕੇ ਆਮ ਵਪਾਰੀਆਂ ਤੇ ਜਨਤਾ, ਜਿਸ 'ਤੇ ਇਸ ਦਾ ਸਿੱਧੇ ਤੌਰ 'ਤੇ ਅਸਰ ਪੈਣ ਵਾਲਾ ਹੈ, ਨੂੰ ਇਸ ਟੈਕਸ ਦੀਆਂ ਸ਼ੁਰੂਆਤੀ ਬਾਰੀਕੀਆਂ ਤੱਕ ਦੀ ਜਾਣਕਾਰੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਉਕਤ ਬਿੱਲ ਨੂੰ ਪਹਿਲਾਂ ਕਾਂਗਰਸ ਦੀ ਯੂ. ਪੀ. ਏ. ਦੀ ਸਰਕਾਰ ਦੇ ਸਮੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਲਿਆਉਣ ਦਾ ਯਤਨ ਕੀਤਾ ਗਿਆ ਸੀ, ਜਿਸ ਨੂੰ ਹੁਣ ਕੇਂਦਰ ਦੀ ਭਾਜਪਾ ਦੀ ਨਰਿੰਦਰ ਮੋਦੀ ਦੀ ਸਰਕਾਰ ਮੁੱਢਲਾ ਰੂਪ ਦੇ ਰਹੀ ਹੈ ਪਰ ਜਿਥੇ ਇਹ ਚਰਚਿਤ ਰਹਿ ਚੁੱਕਾ ਬਿੱਲ ਪੂਰੇ ਦੇਸ਼ ਦੇ ਵਪਾਰ ਮੰਡਲ, ਉਦਯੋਗ ਮੰਡਲ ਤੇ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਉਥੇ ਹੀ ਕੇਂਦਰ ਸਰਕਾਰ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਹੀ ਕਾਰਨ ਹੈ ਕਿ ਇਸ ਬਿੱਲ ਦੇ ਲਾਗੂ ਹੋਣ 'ਚ ਹੁਣ ਸਿਰਫ 21 ਦਿਨ ਰਹਿ ਗਏ ਹਨ ਪਰ ਇਸ ਦੇ ਬਾਵਜੂਦ ਲੋਕ ਇਸ ਦੀਆਂ ਬਾਰੀਕੀਆਂ ਤੋਂ ਅਣਜਾਣ ਹਨ।