ਹਮਲੇ ਦਾ ਪਰਚਾ ਦਰਜ ਨਾ ਹੋਣ ਕਰ ਕੇ ਇਲਾਜ ਲਈ ਤੜਫਦਾ ਰਿਹਾ ਮਰੀਜ਼

02/24/2018 1:00:54 AM

ਅਬੋਹਰ(ਸੁਨੀਲ)—ਇਕ ਪਾਸੇ ਜਿਥੇ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ, ਉਥੇ ਹੀ ਅੱਜ ਗੰਭੀਰ ਰੂਪ ਨਾਲ ਫੱਟੜ ਹੋਏ ਇਕ ਬਜ਼ੁਰਗ ਮਰੀਜ਼ ਦਾ ਇਲਾਜ ਸੀਤੋ ਅਤੇ ਅਬੋਹਰ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਘੰਟਿਆਂ ਤੱਕ ਨਾ ਕੀਤੇ ਜਾਣ ਤੇ ਉਨ੍ਹਾਂ ਵੱਲੋਂ ਪਰਚਾ ਨਾ ਕੱਟਣ ਕਰ ਕੇ ਉਹ ਕਾਫੀ ਚਿਰ ਤੜਫਦਾ ਰਿਹਾ। ਜਾਣਕਾਰੀ ਮੁਤਾਬਕ ਪਿੰਡ ਬਜੀਤਪੁਰ ਭੋਮਾ ਵਾਸੀ ਰੂਪ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਅੱਜ ਸਵੇਰੇ ਗੁਆਂਢੀ ਖੇਤ ਮਾਲਕਾਂ ਨੇ ਪਾਣੀ ਦੀ ਵਾਰੀ ਨੂੰ ਲੈ ਕੇ ਝਗੜਾ ਕਰਦੇ ਹੋਏ ਬੁਰੀ ਤਰ੍ਹਾਂ ਨਾਲ ਹਮਲਾ ਕਰ ਕੇ ਫੱਟੜ ਕਰ ਦਿੱਤਾ, ਜਿਸਨੂੰ ਪਰਿਵਾਰ ਵਾਲਿਆਂ ਨੇ ਇਲਾਜ ਲਈ ਸੀਤੋ ਗੁੰਨੋ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ, ਜਿਥੇ ਅਡੀਸ਼ਨਲ ਮੁਖੀ ਤੇ ਸਰਜਨ ਡਾ. ਰਵੀ ਬਾਂਸਲ ਨੇ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋਏ ਮੁੱਢਲਾ ਇਲਾਜ ਕਰ ਕੇ ਸਰਕਾਰੀ ਹਸਪਤਾਲ ਅਬੋਹਰ ਵਿਚ ਰੈਫਰ ਕਰ ਦਿੱਤਾ। ਰੂਪ ਸਿੰਘ ਖੂਨ ਨਾਲ ਲਥਪਥ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਦਾਖਲ ਹੋਇਆ ਤਾਂ ਇਥੋਂ ਦੇ ਡਾਕਟਰਾਂ ਨੇ ਟਾਂਕੇ ਲਾਉਣ ਦੀ ਬਜਾਏ ਖੂਨ ਰੋਕਣ ਲਈ ਪੱਟੀ ਕਰ ਦਿੱਤੀ ਅਤੇ ਕਿਹਾ ਕਿ ਇਸਨੂੰ ਫਰੀਦਕੋਟ ਲੈ ਜਾਓ। ਰੂਪ ਸਿੰਘ ਦਾ ਬੇਟਾ ਡਾਕਟਰਾਂ ਨੂੰ ਆਪਣੇ ਪਿਤਾ 'ਤੇ ਹੋਏ ਹਮਲੇ ਦਾ ਪਰਚਾ ਕਟਵਾਉਣ ਨੂੰ ਲੈ ਕੇ ਮਿੰਨਤਾਂ ਕਰਦਾ ਰਿਹਾ ਪਰ ਡਾਕਟਰਾਂ ਨੇ ਕਿਹਾ ਕਿ ਇਸ ਮਾਮਲੇ ਦਾ ਪਰਚਾ ਸੀਤੋ ਹਸਪਤਾਲ ਵਿਚ ਹੀ ਕੱਟਿਆ ਜਾਵੇਗਾ, ਜਿਸ 'ਤੇ ਉਹ ਆਪਣੇ ਪਿਤਾ ਨੂੰ ਗੰਭੀਰ ਹਾਲਤ ਵਿਚ ਹੀ ਕਰੀਬ ਦੋ ਘੰਟਿਆਂ ਬਾਅਦ ਸੀਤੋ ਦੇ ਹਸਪਤਾਲ ਵਿਚ ਲੈ ਗਿਆ ਅਤੇ ਉਥੇ ਜਾ ਕੇ ਪਰਚਾ ਕਟਵਾਉਣ 'ਤੇ ਇਲਾਜ ਦੀ ਕਾਰਵਾਈ ਸ਼ੁਰੂ ਕਰਵਾਈ।ਸਿਵਲ ਸਰਜਨ ਨੇ ਕਿਹਾ ਕਿ ਸੋਮਵਾਰ ਨੂੰ ਉਹ ਅਬੋਹਰ ਤੇ ਸੀਤੋ ਗੁੰਨੋ ਦੇ ਡਾਕਟਰਾਂ ਨਾਲ ਮੀਟਿੰਗ ਕਰ ਕੇ ਇਸ ਮਾਮਲੇ ਦੀ ਜਾਂਚ ਕਰਨਗੇ।